ਗੁਰਦਾਸਪੁਰ :- ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨੈਣੇਕੋਟ ਵਿੱਚ ਜ਼ਮੀਨ ਦੀ ਵੰਡ ਨੂੰ ਲੈ ਕੇ ਚੱਲ ਰਿਹਾ ਪਰਿਵਾਰਕ ਵਿਵਾਦ ਖੂਨੀ ਟਕਰਾਅ ਵਿੱਚ ਬਦਲ ਗਿਆ। ਜਾਣਕਾਰੀ ਮੁਤਾਬਕ ਇਕ ਵਿਅਕਤੀ ਨੇ ਆਪਣੇ ਹੀ ਸਕੇ ਭਰਾ ਅਤੇ ਭਾਬੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਸੈਰ ਦੌਰਾਨ ਭਰਾ ’ਤੇ ਕੀਤੀ ਫਾਇਰਿੰਗ
ਪੁਲਿਸ ਨੂੰ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਪਿੰਡ ਦੇ ਤਿੰਨ ਭਰਾਵਾਂ ਵਿਚਕਾਰ ਕਰੀਬ ਨੌ ਕਿੱਲੇ ਜ਼ਮੀਨ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਤਣਾਅ ਚੱਲ ਰਿਹਾ ਸੀ। ਬੁੱਧਵਾਰ ਸਵੇਰੇ ਅਜੈਬ ਸਿੰਘ ਰੋਜ਼ਾਨਾ ਦੀ ਤਰ੍ਹਾਂ ਘਰ ਤੋਂ ਬਾਹਰ ਸੈਰ ਕਰ ਰਿਹਾ ਸੀ ਕਿ ਇਸ ਦੌਰਾਨ ਉਸ ਦੇ ਭਰਾ ਅਮਰਜੀਤ ਸਿੰਘ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਗੰਭੀਰ ਸੱਟਾਂ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਭਾਬੀ ਨੂੰ ਵੀ ਘਰ ਅੰਦਰ ਮਾਰੀ ਗੋਲੀ
ਇਸ ਘਟਨਾ ਤੋਂ ਬਾਅਦ ਮੁਲਜ਼ਮ ਅਮਰਜੀਤ ਸਿੰਘ ਸਿੱਧਾ ਆਪਣੇ ਭਰਾ ਦੇ ਘਰ ਪਹੁੰਚ ਗਿਆ, ਜਿੱਥੇ ਉਸ ਨੇ ਅਜੈਬ ਸਿੰਘ ਦੀ ਪਤਨੀ ਕਮਲ ਕੌਰ ਨੂੰ ਵੀ ਨਿਸ਼ਾਨਾ ਬਣਾਇਆ। ਗੋਲੀ ਲੱਗਣ ਕਾਰਨ ਉਸ ਦੀ ਵੀ ਮੌਤ ਹੋ ਗਈ। ਦੋਹਰੀ ਹੱਤਿਆ ਦੀ ਇਸ ਵਾਰਦਾਤ ਨਾਲ ਪਿੰਡ ਵਿੱਚ ਸਨਸਨੀ ਫੈਲ ਗਈ।
ਘਟਨਾ ਮਗਰੋਂ ਖੁਦ ਕੀਤਾ ਆਤਮ ਸਮਰਪਣ
ਦੋਵੇਂ ਕਤਲ ਕਰਨ ਤੋਂ ਬਾਅਦ ਮੁਲਜ਼ਮ ਖੁਦ ਕਾਹਨੂੰਵਾਨ ਥਾਣੇ ਪਹੁੰਚ ਗਿਆ ਅਤੇ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ। ਸੂਚਨਾ ਮਿਲਣ ’ਤੇ ਡੀਐਸਪੀ ਕੁਲਵੰਤ ਸਿੰਘ ਮਾਨ ਸਮੇਤ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪੋਸਟਮਾਰਟਮ ਲਈ ਭੇਜੀਆਂ ਗਈਆਂ ਲਾਸ਼ਾਂ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੁੱਢਲੀ ਜਾਂਚ ਵਿੱਚ ਜ਼ਮੀਨੀ ਵਿਵਾਦ ਹੀ ਕਤਲ ਦਾ ਮੁੱਖ ਕਾਰਨ ਸਾਹਮਣੇ ਆ ਰਿਹਾ ਹੈ। ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

