ਚੰਡੀਗੜ੍ਹ :- ਐਤੀਆਣਾ ਪਿੰਡ ਦੇ ਰਹਿਣ ਵਾਲੇ 82 ਸਾਲਾ ਫੀਡ ਵਪਾਰੀ ਕੁੰਦਨ ਲਾਲ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਜੀਵਨਲੀਲਾ ਸਮਾਪਤ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਵਪਾਰੀ ਨੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਆਖ਼ਰੀ ਸਾਹ ਲਿਆ।
ਲੱਖਾਂ ਰੁਪਏ ਫਸਣ ਕਾਰਨ ਸਨ ਮਾਨਸਿਕ ਤਣਾਅ ਵਿੱਚ
ਮ੍ਰਿਤਕ ਦੇ ਪੁੱਤਰ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਪਰਿਵਾਰ ਮੂਲ ਰੂਪ ਵਿੱਚ ਰੱਤੋਵਾਲ ਨਾਲ ਸਬੰਧਤ ਹੈ, ਪਰ ਪਿਛਲੇ ਕਈ ਦਹਾਕਿਆਂ ਤੋਂ ਐਤੀਆਣਾ ਵਿੱਚ ਰਹਿ ਰਿਹਾ ਸੀ। ਉਨ੍ਹਾਂ ਮੁਤਾਬਕ ਕੁੰਦਨ ਲਾਲ ਲੰਬੇ ਸਮੇਂ ਤੋਂ ਫੀਡ ਦਾ ਕਾਰੋਬਾਰ ਕਰਦੇ ਸਨ ਅਤੇ ਕਈ ਵਪਾਰੀਆਂ ਅਤੇ ਦੁਕਾਨਦਾਰਾਂ ਕੋਲ ਉਨ੍ਹਾਂ ਦੇ ਲੱਖਾਂ ਰੁਪਏ ਬਕਾਇਆ ਪਏ ਸਨ। ਪਰਿਵਾਰ ਦਾ ਦੋਸ਼ ਹੈ ਕਿ ਕਈ ਲੋਕ ਨਾ ਤਾਂ ਰਕਮ ਵਾਪਸ ਕਰ ਰਹੇ ਸਨ ਅਤੇ ਨਾ ਹੀ ਫੋਨ ਸੁਣ ਰਹੇ ਸਨ, ਜਿਸ ਕਾਰਨ ਉਹ ਕਾਫ਼ੀ ਪਰੇਸ਼ਾਨ ਰਹਿੰਦੇ ਸਨ।
ਜੇਬ ਵਿੱਚੋਂ ਮਿਲੀ ਹੱਥ-ਲਿਖਤ ਚਿੱਠੀ
ਪਰਿਵਾਰਕ ਮੈਂਬਰਾਂ ਅਨੁਸਾਰ ਸ਼ਨੀਵਾਰ ਦੁਪਹਿਰ ਸਮੇਂ ਜਦੋਂ ਘਰ ਦੇ ਹੋਰ ਮੈਂਬਰ ਬਾਹਰ ਗਏ ਹੋਏ ਸਨ ਤਾਂ ਕੁੰਦਨ ਲਾਲ ਨੇ ਘਰ ਵਿੱਚ ਹੀ ਜ਼ਹਿਰੀਲੀ ਦਵਾਈ ਨਿਗਲ ਲਈ। ਉਨ੍ਹਾਂ ਦੀ ਜੇਬ ਵਿੱਚੋਂ ਦੋ ਹੱਥ-ਲਿਖਤ ਕਾਗਜ਼ ਵੀ ਮਿਲੇ ਹਨ। ਲਿਖਤ ਵਿੱਚ ਉਨ੍ਹਾਂ ਨੇ ਪਰਿਵਾਰ ਨੂੰ ਤੰਗ ਨਾ ਕਰਨ ਦੀ ਅਪੀਲ ਕੀਤੀ ਅਤੇ ਕੁਝ ਵਿਅਕਤੀਆਂ ਦੇ ਨਾਮ ਲਿਖਦੇ ਹੋਏ ਉਨ੍ਹਾਂ ਤੋਂ ਪੈਸੇ ਵਸੂਲਣ ਦੀ ਗੱਲ ਦਰਜ ਕੀਤੀ। ਇਸ ਦੇ ਨਾਲ ਹੀ ਕੁਝ ਲੋਕਾਂ ਨੂੰ ਦੇਣ ਵਾਲੀ ਰਕਮ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਕਰਨ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮ੍ਰਿਤਕ ਕੋਲੋਂ ਮਿਲੀ ਲਿਖਤ ਦੀ ਵੀ ਜਾਂਚ ਕਰਵਾਈ ਜਾਵੇਗੀ। ਪੁਲਿਸ ਮਾਮਲੇ ਦੇ ਹਰ ਪੱਖ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਅੱਗੇ ਵਧਾ ਰਹੀ ਹੈ।

