ਚੰਡੀਗੜ੍ਹ :- ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸਖ਼ਤ ਰਵੱਈਆ ਅਪਣਾਇਆ ਹੈ। ਜਾਣਕਾਰੀ ਮੁਤਾਬਕ ਬੋਰਡ ਨੇ ਅਰਸ਼ਦੀਪ ਨੂੰ ਆਈਪੀਐਲ ਦੇ ਬਾਕੀ ਮੈਚਾਂ ਦੌਰਾਨ ਵੀਲੌਗਿੰਗ ਅਤੇ ਟੀਮ ਨਾਲ ਜੁੜੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਨ ਤੋਂ ਰੋਕ ਦਿੱਤਾ ਹੈ।
ਇੱਕ ਵੀਡੀਓ ਨੇ ਖੜ੍ਹੇ ਕੀਤੇ ਵਿਵਾਦ
ਸੂਤਰਾਂ ਅਨੁਸਾਰ ਇਹ ਫੈਸਲਾ ਉਸ ਵੀਡੀਓ ਤੋਂ ਬਾਅਦ ਲਿਆ ਗਿਆ, ਜਿਸ ਵਿੱਚ ਅਣਜਾਣੇ ਤੌਰ ’ਤੇ ਸਾਥੀ ਖਿਡਾਰੀ ਯੁਜਵੇਂਦਰ ਚਾਹਲ ਵੀ ਕੈਮਰੇ ’ਚ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਅਹਿਮਦਾਬਾਦ ਤੋਂ ਹੈਦਰਾਬਾਦ ਜਾ ਰਹੀ ਉਡਾਣ ਦੌਰਾਨ ਬਣਾਈ ਗਈ ਇਸ ਕਲਿੱਪ ਵਿੱਚ ਚਾਹਲ ਕਥਿਤ ਤੌਰ ’ਤੇ ਵੇਪਿੰਗ ਕਰਦੇ ਦਿਖਾਈ ਦਿੱਤੇ ਸਨ। ਵੀਡੀਓ ਸਾਹਮਣੇ ਆਉਣ ਮਗਰੋਂ ਸੋਸ਼ਲ ਮੀਡੀਆ ’ਤੇ ਇਸਨੂੰ ਲੈ ਕੇ ਚਰਚਾ ਛਿੜ ਗਈ।
ਬੋਰਡ ਨੇ ਅਨੁਸ਼ਾਸਨ ਨੂੰ ਦੱਸਿਆ ਸਭ ਤੋਂ ਵੱਡੀ ਤਰਜੀਹ
ਬੀਸੀਸੀਆਈ ਦਾ ਮੰਨਣਾ ਹੈ ਕਿ ਖਿਡਾਰੀਆਂ ਨਾਲ ਜੁੜੀਆਂ ਅਜਿਹੀਆਂ ਵੀਡੀਓਜ਼ ਟੀਮ ਦੀ ਛਵੀ ਅਤੇ ਅਨੁਸ਼ਾਸਨ ’ਤੇ ਅਸਰ ਪਾਂਦੀਆਂ ਹਨ। ਇਸੇ ਕਰਕੇ ਬੋਰਡ ਨੇ ਅਰਸ਼ਦੀਪ ਨੂੰ ਸਾਵਧਾਨ ਰਹਿਣ ਅਤੇ ਫਿਲਹਾਲ ਵੀਲੌਗਿੰਗ ਤੋਂ ਦੂਰ ਰਹਿਣ ਲਈ ਕਿਹਾ ਹੈ। ਹਾਲਾਂਕਿ ਅਰਸ਼ਦੀਪ ਦੇ ਖ਼ਿਲਾਫ਼ ਕਿਸੇ ਤਰ੍ਹਾਂ ਦੀ ਅਧਿਕਾਰਤ ਕਾਰਵਾਈ ਦੀ ਪੁਸ਼ਟੀ ਨਹੀਂ ਕੀਤੀ ਗਈ।
ਚਾਹਲ ਦੀ ਫਿਟਨੈਸ ਵਾਲੀ ਛਵੀ ’ਤੇ ਵੀ ਸਵਾਲ
ਯੁਜਵੇਂਦਰ ਚਾਹਲ ਲਈ ਵੀ ਇਹ ਮਾਮਲਾ ਅਸਹਿਜ ਮੰਨਿਆ ਜਾ ਰਿਹਾ ਹੈ, ਕਿਉਂਕਿ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਫਿਟਨੈਸ ਅਤੇ ਪੇਸ਼ੇਵਰ ਅਨੁਸ਼ਾਸਨ ਨੂੰ ਲੈ ਕੇ ਕਈ ਬਿਆਨ ਦਿੱਤੇ ਸਨ। ਹੁਣ ਇਸ ਘਟਨਾ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੀ ਜੀਵਨ ਸ਼ੈਲੀ ’ਤੇ ਵੀ ਸਵਾਲ ਚੁੱਕੇ ਜਾ ਰਹੇ ਹਨ।
ਆਈਪੀਐਲ ’ਚ ਵੇਪਿੰਗ ਨਾਲ ਜੁੜਿਆ ਦੂਜਾ ਮਾਮਲਾ
ਇਸ ਸੀਜ਼ਨ ਦੌਰਾਨ ਵੇਪਿੰਗ ਨਾਲ ਜੁੜਿਆ ਇਹ ਦੂਜਾ ਵੱਡਾ ਵਿਵਾਦ ਹੈ। ਇਸ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਦੇ ਕਪਤਾਨ ਰਿਆਨ ਪਰਾਗ ਵੀ ਡ੍ਰੈਸਿੰਗ ਰੂਮ ਵਿੱਚ ਵੇਪ ਦੀ ਵਰਤੋਂ ਕਰਦੇ ਕੈਮਰੇ ਵਿੱਚ ਕੈਦ ਹੋਏ ਸਨ। ਉਸ ਮਾਮਲੇ ਵਿੱਚ ਬੋਰਡ ਨੇ ਪਰਾਗ ’ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਸੀ।

