ਚੰਡੀਗੜ੍ਹ :- ਪੰਜਾਬ ਵਿੱਚ ਲਗਾਤਾਰ ਬਦਲਦੇ ਮੌਸਮ ਦਰਮਿਆਨ ਹੁਣ ਆਉਣ ਵਾਲੇ ਤਿੰਨ ਦਿਨ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਕੇਂਦਰ ਵੱਲੋਂ ਜਾਰੀ ਤਾਜ਼ਾ ਅਨੁਮਾਨ ਅਨੁਸਾਰ ਸ਼ੁੱਕਰਵਾਰ ਤੋਂ ਸੂਬੇ ਭਰ ਵਿੱਚ ਮੌਸਮ ਜ਼ਿਆਦਾਤਰ ਸੁੱਕਾ ਰਹੇਗਾ ਅਤੇ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਤੁਰੰਤ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਵੀਰਵਾਰ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਤਿੱਖੀ ਧੁੱਪ ਨਜ਼ਰ ਆਈ, ਜਦਕਿ ਕੁਝ ਥਾਵਾਂ ’ਤੇ ਧੂੜ ਨਾਲ ਭਰੀਆਂ ਤੇਜ਼ ਹਵਾਵਾਂ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ।
11 ਮਈ ਤੋਂ ਮੁੜ ਸਰਗਰਮ ਹੋਵੇਗਾ ਮੌਸਮੀ ਸਿਸਟਮ
ਮੌਸਮ ਵਿਭਾਗ ਮੁਤਾਬਕ 11 ਮਈ ਤੋਂ ਇੱਕ ਵਾਰ ਫਿਰ ਹਵਾਵਾਂ ਦਾ ਦਬਾਅ ਬਦਲਣ ਕਾਰਨ ਮੌਸਮ ਕਰਵਟ ਲੈ ਸਕਦਾ ਹੈ। 11 ਤੋਂ 13 ਮਈ ਤੱਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ, ਗਰਜ-ਚਮਕ ਅਤੇ ਧੂੜ ਭਰੇ ਤੂਫ਼ਾਨ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਮਿਆਦ ਲਈ ਯੈਲੋ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਅਨੁਮਾਨ ਹੈ ਕਿ ਹਵਾਵਾਂ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।
ਪੱਛਮੀ ਗੜਬੜ ਕਮਜ਼ੋਰ ਪੈਣ ਨਾਲ ਮਿਲੀ ਰਾਹਤ
ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਅਤੇ ਨੇੜਲੇ ਖੇਤਰਾਂ ਵਿੱਚ ਸਰਗਰਮ ਰਹੀ ਪੱਛਮੀ ਗੜਬੜ ਹੁਣ ਕਮਜ਼ੋਰ ਹੋ ਚੁੱਕੀ ਹੈ। ਇਸ ਕਾਰਨ 7 ਤੋਂ 9 ਮਈ ਤੱਕ ਮੀਂਹ, ਗੜੇਮਾਰੀ ਅਤੇ ਤੂਫ਼ਾਨੀ ਮੌਸਮ ਤੋਂ ਕੁਝ ਹੱਦ ਤੱਕ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦਿਨ ਦੇ ਸਮੇਂ ਗਰਮੀ ਵਿੱਚ ਵਾਧਾ ਵੀ ਦਰਜ ਕੀਤਾ ਜਾ ਸਕਦਾ ਹੈ।
ਫਰੀਦਕੋਟ ਸਭ ਤੋਂ ਗਰਮ, ਬਠਿੰਡਾ ਵੀ ਤਾਪ ਵਿੱਚ ਅੱਗੇ
ਵੀਰਵਾਰ ਨੂੰ ਸੂਬੇ ਦੇ ਕਈ ਇਲਾਕਿਆਂ ਵਿੱਚ ਤਾਪਮਾਨ ਚੜ੍ਹਦਾ ਨਜ਼ਰ ਆਇਆ। ਸਭ ਤੋਂ ਵੱਧ ਗਰਮੀ ਫਰੀਦਕੋਟ ਵਿੱਚ ਦਰਜ ਕੀਤੀ ਗਈ, ਜਿੱਥੇ ਪਾਰਾ 39.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਤੋਂ ਬਾਅਦ ਬਠਿੰਡਾ ਵਿੱਚ 39.1 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਫਾਜ਼ਿਲਕਾ ਵਿੱਚ 36.6 ਡਿਗਰੀ, ਫਿਰੋਜ਼ਪੁਰ ਵਿੱਚ 35.1 ਡਿਗਰੀ ਅਤੇ ਅੰਮ੍ਰਿਤਸਰ ਵਿੱਚ 34.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਠਾਨਕੋਟ ਦਾ ਤਾਪਮਾਨ 34 ਡਿਗਰੀ, ਰੂਪਨਗਰ ਦਾ 33.6 ਡਿਗਰੀ ਅਤੇ ਲੁਧਿਆਣਾ ਦਾ 31.8 ਡਿਗਰੀ ਸੈਲਸੀਅਸ ਰਿਹਾ।

