ਬਠਿੰਡਾ :- ਸ਼ਹਿਰ ਦੇ ਲਾਈਨਪਾਰ ਇਲਾਕੇ ਜੋਗੀ ਨਗਰ ਟਿੱਬੇ ਨੇੜੇ ਨਸ਼ੇ ਦੀ ਸਮੱਸਿਆ ਨੇ ਇਕ ਵਾਰ ਫਿਰ ਗੰਭੀਰ ਰੂਪ ਧਾਰ ਲਿਆ ਹੈ। ਦੋ ਦਿਨਾਂ ਦੇ ਅੰਦਰ ਦੋ ਨੌਜਵਾਨਾਂ ਦੀ ਚਿੱਟੇ ਦੇ ਟੀਕੇ ਦੀ ਅਧਿਕ ਮਾਤਰਾ ਕਾਰਨ ਮੌਤ ਹੋ ਜਾਣ ਨਾਲ ਇਲਾਕੇ ਵਿੱਚ ਗੁੱਸਾ ਫੈਲ ਗਿਆ। ਲੋਕਾਂ ਨੇ ਇਕੱਠੇ ਹੋ ਕੇ ਘਟਨਾ ‘ਤੇ ਦੁੱਖ ਪ੍ਰਗਟ ਕਰਨ ਦੇ ਨਾਲ-ਨਾਲ ਪ੍ਰਸ਼ਾਸਨ ਖ਼ਿਲਾਫ਼ ਵੀ ਨਾਰਾਜ਼ਗੀ ਜਤਾਈ।
ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਹਸਪਤਾਲ ‘ਚ ਤੋੜਿਆ ਦਮ
ਮਿਲੀ ਜਾਣਕਾਰੀ ਅਨੁਸਾਰ ਪਰਸਰਾਮ ਨਗਰ ਦੇ ਰਹਿਣ ਵਾਲੇ ਜਗਜੀਤ ਸਿੰਘ (39) ਦੀ ਦੇਰ ਰਾਤ ਨਸ਼ੇ ਦੀ ਓਵਰਡੋਜ਼ ਕਾਰਨ ਤਬੀਅਤ ਬਿਗੜ ਗਈ। ਉਸ ਨੂੰ ਤੁਰੰਤ ਸਮਾਜਿਕ ਸੰਸਥਾ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਇਕ ਹੋਰ ਨੌਜਵਾਨ ਦੀ ਇਸੇ ਤਰ੍ਹਾਂ ਮੌਤ ਹੋ ਚੁੱਕੀ ਹੈ।
ਇਲਾਕੇ ‘ਚ ਨਸ਼ੇ ਦੇ ਅੱਡਿਆਂ ਦੇ ਦੋਸ਼, ਕਾਰਵਾਈ ਦੀ ਮੰਗ
ਸਥਾਨਕ ਵਸਨੀਕਾਂ ਨੇ ਦੋਸ਼ ਲਾਇਆ ਕਿ ਇਲਾਕੇ ਦੇ ਕੁਝ ਹਿੱਸਿਆਂ ‘ਚ ਕਾਫ਼ੀ ਸਮੇਂ ਤੋਂ ਖੁੱਲ੍ਹੇਆਮ ਨਸ਼ਾ ਵੇਚਿਆ ਜਾ ਰਿਹਾ ਹੈ। ਖ਼ਾਸ ਕਰਕੇ ਝੁੱਗੀ ਬਸਤੀਆਂ ਦੇ ਆਸ-ਪਾਸ ਨਸ਼ੇੜੀਆਂ ਦੇ ਅੱਡੇ ਬਣੇ ਹੋਏ ਹਨ, ਪਰ ਪੁਲਿਸ ਵੱਲੋਂ ਢੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ। ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਉਹ ਵੱਡਾ ਸੰਘਰਸ਼ ਕਰਨਗੇ।
ਪ੍ਰਸ਼ਾਸਨ ‘ਤੇ ਉਠੇ ਸਵਾਲ, ਸੁਰੱਖਿਆ ਨੂੰ ਲੈ ਕੇ ਚਿੰਤਾ
ਇਸ ਮਾਮਲੇ ‘ਚ ਸਥਾਨਕ ਨੁਮਾਇੰਦਿਆਂ ਨੇ ਵੀ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੀ ਸਥਿਤੀ ਇਹ ਹੋ ਗਈ ਹੈ ਕਿ ਰਾਤ ਦੇ ਸਮੇਂ ਆਵਾਜਾਈ ਕਰਨਾ ਵੀ ਅਸੁਰੱਖਿਅਤ ਮਹਿਸੂਸ ਹੁੰਦਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਬਣਦੀ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

