ਲੁਧਿਆਣਾ: ਸ਼ਹਿਰ ਦੇ ਲਾਡੋਵਾਲ ਖੇਤਰ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਇੱਕ ਪਰਿਵਾਰ ਦੀ ਖੁਸ਼ੀਆਂ ਉਜਾੜ ਦਿੱਤੀਆਂ। ਖਜੂਰ ਚੌਕ ਤੋਂ ਈ-ਰਿਕਸ਼ਾ ਰਾਹੀਂ ਜਾ ਰਹੇ ਪਰਿਵਾਰ ਨੂੰ ਪਿੱਛੋਂ ਆ ਰਹੀ ਇੱਕ ਨਿੱਜੀ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਦੇ ਅਸਰ ਨਾਲ ਰਿਕਸ਼ਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਸਾਰੇ ਸਵਾਰ ਜ਼ਖਮੀ ਹੋ ਗਏ। ਹਾਦਸੇ ‘ਚ ਢਾਈ ਸਾਲ ਦੀ ਗੁਰਸੀਰਤ ਕੌਰ ਨੇ ਦਮ ਤੋੜ ਦਿੱਤਾ, ਜਦਕਿ ਹੋਰ ਮੈਂਬਰਾਂ ਨੂੰ ਗੰਭੀਰ ਸੱਟਾਂ ਲੱਗੀਆਂ। ਸਥਾਨਕ ਲੋਕਾਂ ਨੇ ਤੁਰੰਤ ਮਦਦ ਕਰਦਿਆਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਨੇ ਮਾਮਲਾ ਦਰਜ ਕਰਕੇ ਬੱਸ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜ਼ੀਰਕਪੁਰ: ਇਸੇ ਤਰ੍ਹਾਂ ਦਿਆਲਪੁਰਾ ਇਲਾਕੇ ਵਿੱਚ ਇਕ ਫੈਕਟਰੀ ਦੇ ਨੇੜੇ ਵਾਪਰੇ ਹੋਰ ਹਾਦਸੇ ਵਿੱਚ 46 ਸਾਲਾ ਮਹਿਲਾ ਨੂਰਜਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਟਰੱਕ ਚਾਲਕ ਮਾਲ ਉਤਾਰ ਕੇ ਵਾਪਸੀ ਦੌਰਾਨ ਬੇਧਿਆਨੀ ਨਾਲ ਵਾਹਨ ਮੋੜ ਰਿਹਾ ਸੀ, ਜਿਸ ਕਾਰਨ ਮਹਿਲਾ ਟਰੱਕ ਹੇਠਾਂ ਆ ਗਈ। ਗਵਾਹਾਂ ਦਾ ਕਹਿਣਾ ਹੈ ਕਿ ਚਾਲਕ ਦੇ ਨਾਲ ਕੋਈ ਸਹਾਇਕ ਨਾ ਹੋਣ ਕਰਕੇ ਸਥਿਤੀ ‘ਤੇ ਕਾਬੂ ਨਹੀਂ ਰੱਖਿਆ ਜਾ ਸਕਿਆ। ਚਾਰ ਬੱਚਿਆਂ ਦੀ ਮਾਂ ਦੀ ਮੌਤ ਨਾਲ ਇਲਾਕੇ ‘ਚ ਗ਼ਮ ਦਾ ਮਾਹੌਲ ਹੈ ਅਤੇ ਪੁਲਿਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

