ਡਰੋਲੀ ਖੁਰਦ :- ਡਰੋਲੀ ਖੁਰਦ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਕ ਕਿਸਾਨ ਦੀ ਖੇਤ ਵਿੱਚ ਖੜੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ। ਪੀੜਤ ਕਿਸਾਨ ਗੁਰਦੇਵ ਸਿੰਘ ਲਵਲੀ ਨੇ ਦੱਸਿਆ ਕਿ ਉਹ ਆਪਣੀ ਫ਼ਸਲ ਦੀ ਕਟਾਈ ਲਈ ਕੰਬਾਈਨ ਲਗਵਾ ਰਿਹਾ ਸੀ ਕਿ ਨੇੜਲੇ ਖੇਤ ਵਿੱਚ ਅਚਾਨਕ ਅੱਗ ਲੱਗੀ ਹੋਈ ਸੀ, ਜੋ ਹਵਾ ਦੇ ਕਾਰਨ ਤੇਜ਼ੀ ਨਾਲ ਉਸਦੇ ਖੇਤ ਵੱਲ ਵਧ ਗਈ।
ਪਿੰਡ ਵਾਸੀਆਂ ਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਬੁਝਾਈ ਅੱਗ
ਕਿਸਾਨ ਵੱਲੋਂ ਰੌਲਾ ਪਾਉਣ ‘ਤੇ ਪਿੰਡ ਦੇ ਲੋਕ ਟਰੈਕਟਰ ਲੈ ਕੇ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਲਗਭਗ ਇੱਕ ਘੰਟੇ ਦੀ ਜਦੋਜਹਦ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਨੂੰ ਕਾਬੂ ਕਰ ਲਿਆ ਗਿਆ।
9 ਏਕੜ ਫ਼ਸਲ ਸੜ ਕੇ ਸੁਆਹ, 5 ਲੱਖ ਦਾ ਨੁਕਸਾਨ
ਅੱਗ ਕਾਰਨ ਕਰੀਬ 9 ਏਕੜ ਵਿੱਚ ਖੜੀ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਸੜ ਗਈ, ਜਿਸ ਨਾਲ ਕਿਸਾਨ ਨੂੰ ਲਗਭਗ 5 ਲੱਖ ਰੁਪਏ ਦਾ ਨੁਕਸਾਨ ਝੱਲਣਾ ਪਿਆ। ਇਸ ਦੇ ਨਾਲ ਹੀ ਕਣਕ ਦੀ ਨਾੜ ਵੀ ਸੜ ਗਈ, ਜਿਸ ਨਾਲ ਪਸ਼ੂਆਂ ਲਈ ਤੂੜੀ ਬਣਾਉਣ ਦਾ ਮਾਦਾ ਵੀ ਖਤਮ ਹੋ ਗਿਆ।
ਕਿਸਾਨ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ
ਗੁਰਦੇਵ ਸਿੰਘ ਨੇ ਦੁੱਖ ਜਤਾਉਂਦਿਆਂ ਕਿਹਾ ਕਿ ਪਹਿਲਾਂ ਹੀ ਕਰਜ਼ੇ ਅਤੇ ਵਧ ਰਹੇ ਖ਼ਰਚਿਆਂ ਨਾਲ ਜੂਝ ਰਹੇ ਕਿਸਾਨਾਂ ਲਈ ਇਹ ਵੱਡਾ ਝਟਕਾ ਹੈ। ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਨੁਕਸਾਨ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ।
ਪਿੰਡ ਦੇ ਲੋਕਾਂ ਨੇ ਜਤਾਈ ਹਮਦਰਦੀ
ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਪੀੜਤ ਕਿਸਾਨ ਨਾਲ ਹਮਦਰਦੀ ਜਤਾਉਂਦੇ ਹੋਏ ਸਰਕਾਰ ਕੋਲ ਮਦਦ ਦੀ ਅਪੀਲ ਕੀਤੀ।

