ਚੰਡੀਗੜ੍ਹ :- ਭਾਰਤੀ ਪ੍ਰੀਮੀਅਰ ਲੀਗ ਦੇ ਚੱਲ ਰਹੇ ਸੀਜ਼ਨ ਦੌਰਾਨ ਅੱਜ ਦਿੱਲੀ ਵਿਖੇ ਪੰਜਾਬ ਦੀ ਟੀਮ ਅਤੇ ਦਿੱਲੀ ਦੀ ਟੀਮ ਵਿਚਾਲੇ ਰੋਮਾਂਚਕ ਮੁਕਾਬਲਾ ਖੇਡਿਆ ਜਾਣਾ ਹੈ। ਇਹ ਮੁਕਾਬਲਾ ਦੁਪਹਿਰ 3 ਵਜੇ 30 ਮਿੰਟ ‘ਤੇ ਅਰੁਣ ਜੇਤਲੀ ਮੈਦਾਨ ਵਿੱਚ ਸ਼ੁਰੂ ਹੋਵੇਗਾ, ਜਿੱਥੇ ਦੋਵੇਂ ਟੀਮਾਂ ਜਿੱਤ ਲਈ ਪੂਰਾ ਜ਼ੋਰ ਲਗਾਉਣਗੀਆਂ।
ਪੰਜਾਬ ਦੀ ਸ਼ਾਨਦਾਰ ਪ੍ਰਦਰਸ਼ਨ ਨਾਲ ਸਿਖਰ ‘ਤੇ ਕਬਜ਼ਾ
ਪੰਜਾਬ ਦੀ ਟੀਮ ਇਸ ਸਮੇਂ ਬੇਹਤਰੀਨ ਫਾਰਮ ਵਿੱਚ ਦਿਖਾਈ ਦੇ ਰਹੀ ਹੈ ਅਤੇ 6 ਮੁਕਾਬਲਿਆਂ ਵਿੱਚੋਂ 5 ਜਿੱਤਾਂ ਹਾਸਲ ਕਰਕੇ 11 ਅੰਕਾਂ ਨਾਲ ਅੰਕ ਸੂਚੀ ਦੇ ਪਹਿਲੇ ਸਥਾਨ ‘ਤੇ ਟਿਕੀ ਹੋਈ ਹੈ। ਇੱਕ ਮੁਕਾਬਲਾ ਮੀਂਹ ਕਾਰਨ ਰੱਦ ਹੋਣ ਕਰਕੇ ਟੀਮ ਨੂੰ ਇੱਕ ਅੰਕ ਮਿਲਿਆ ਸੀ। ਦੂਜੇ ਪਾਸੇ ਦਿੱਲੀ ਦੀ ਟੀਮ ਦਾ ਪ੍ਰਦਰਸ਼ਨ ਥੋੜ੍ਹਾ ਉਤਾਰ-ਚੜ੍ਹਾਅ ਵਾਲਾ ਰਿਹਾ ਹੈ, ਜਿੱਥੇ ਉਹ 6 ਮੁਕਾਬਲਿਆਂ ਵਿੱਚੋਂ 3 ਜਿੱਤਾਂ ਅਤੇ 3 ਹਾਰਾਂ ਨਾਲ ਛੇਵੇਂ ਸਥਾਨ ‘ਤੇ ਹੈ।
ਪੁਰਾਣੇ ਅੰਕੜੇ ਵੀ ਦੇ ਰਹੇ ਕੜੀ ਟੱਕਰ ਦਾ ਸੰਕੇਤ
ਦੋਵੇਂ ਟੀਮਾਂ ਦੇ ਆਪਸੀ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 34 ਵਾਰ ਇਹਨਾਂ ਦੀ ਟੱਕਰ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਪੰਜਾਬ ਨੇ 17 ਅਤੇ ਦਿੱਲੀ ਨੇ 16 ਮੁਕਾਬਲੇ ਜਿੱਤੇ ਹਨ, ਜਦਕਿ ਇੱਕ ਮੁਕਾਬਲਾ ਬਿਨਾਂ ਨਤੀਜੇ ਦੇ ਖਤਮ ਹੋਇਆ ਸੀ। ਪਿਛਲੇ ਸੀਜ਼ਨ ਵਿੱਚ ਹੋਏ ਇਕਲੌਤੇ ਮੁਕਾਬਲੇ ਵਿੱਚ ਦਿੱਲੀ ਨੇ ਬਾਜ਼ੀ ਮਾਰੀ ਸੀ, ਜਿਸ ਨਾਲ ਇਸ ਵਾਰ ਦੀ ਟੱਕਰ ਹੋਰ ਵੀ ਦਿਲਚਸਪ ਬਣ ਗਈ ਹੈ।
ਸੰਭਾਵੀ ਖਿਡਾਰੀ ਸੂਚੀ
ਪੰਜਾਬ ਵੱਲੋਂ ਪ੍ਰਭਸਿਮਰਨ ਸਿੰਘ ਵਿਕਟਕੀਪਰ ਦੇ ਰੂਪ ਵਿੱਚ ਮੈਦਾਨ ਵਿੱਚ ਉਤਰ ਸਕਦੇ ਹਨ, ਜਦਕਿ ਪ੍ਰਿਯਾਂਸ਼ ਆਰੀਆ, ਕੂਪਰ ਕੋਨੋਲੀ ਅਤੇ ਕਪਤਾਨ ਸ਼੍ਰੇਅਸ ਅਈਅਰ ਬੱਲੇਬਾਜ਼ੀ ਨੂੰ ਮਜ਼ਬੂਤੀ ਦੇਣਗੇ। ਨੇਹਲ ਵਢੇਰਾ, ਸ਼ਸ਼ਾਂਕ ਸਿੰਘ ਅਤੇ ਮਾਰਕਸ ਸਟੋਇਨਿਸ ਟੀਮ ਨੂੰ ਸੰਤੁਲਨ ਪ੍ਰਦਾਨ ਕਰਨਗੇ, ਜਦਕਿ ਗੇਂਦਬਾਜ਼ੀ ਵਿੱਚ ਅਰਸ਼ਦੀਪ ਸਿੰਘ ਅਤੇ ਯੁਜ਼ਵੇਂਦਰ ਚਾਹਲ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਦਿੱਲੀ ਵੱਲੋਂ ਪਥੁਮ ਨਿਸਾਂਕਾ ਅਤੇ ਕੇਐਲ ਰਾਹੁਲ ਸ਼ੁਰੂਆਤ ਕਰ ਸਕਦੇ ਹਨ। ਕਪਤਾਨ ਅਕਸ਼ਰ ਪਟੇਲ ਦੇ ਨਾਲ ਨਿਤੀਸ਼ ਰਾਣਾ, ਡੇਵਿਡ ਮਿਲਰ ਅਤੇ ਟ੍ਰਿਸਟਨ ਸਟੱਬਸ ਬੱਲੇਬਾਜ਼ੀ ਦੀ ਕਮਾਨ ਸੰਭਾਲਣਗੇ। ਗੇਂਦਬਾਜ਼ੀ ਵਿੱਚ ਕੁਲਦੀਪ ਯਾਦਵ ਅਤੇ ਟੀ ਨਟਰਾਜਨ ਵਰਗੇ ਖਿਡਾਰੀ ਟੀਮ ਲਈ ਮਹੱਤਵਪੂਰਨ ਸਾਬਤ ਹੋ ਸਕਦੇ ਹਨ।
ਦੋਵਾਂ ਟੀਮਾਂ ਲਈ ਅਹਿਮ ਮੋੜ
ਇਹ ਮੁਕਾਬਲਾ ਜਿੱਥੇ ਪੰਜਾਬ ਲਈ ਆਪਣੀ ਅਗਵਾਈ ਕਾਇਮ ਰੱਖਣ ਦਾ ਮੌਕਾ ਹੈ, ਉੱਥੇ ਦਿੱਲੀ ਲਈ ਅੰਕ ਸੂਚੀ ਵਿੱਚ ਸੁਧਾਰ ਕਰਨ ਦਾ ਵੱਡਾ ਚਾਂਸ ਮੰਨਿਆ ਜਾ ਰਿਹਾ ਹੈ। ਦਰਸ਼ਕਾਂ ਵਿੱਚ ਇਸ ਮੁਕਾਬਲੇ ਨੂੰ ਲੈ ਕੇ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

