ਫਿਰੋਜ਼ਪੁਰ :- ਫਿਰੋਜ਼ਪੁਰ ਦੇ ਸਰਹੱਦੀ ਪਿੰਡ ਹਜ਼ਾਰਾ ਸਿੰਘ ਵਾਲਾ ਵਿੱਚ ਫੈਲੀ ਬੀਮਾਰੀ ਨੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦੋ ਮੌਤਾਂ ਹੋਣ ਦੇ ਬਾਵਜੂਦ ਪੇਟ ਦਰਦ, ਪੀਲੀਆ ਅਤੇ ਉਲਟੀਆਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਪਹਿਲਾਂ ਇਹ ਬੀਮਾਰੀ ਜ਼ਿਆਦਾਤਰ ਬੱਚਿਆਂ ਤੱਕ ਸੀਮਿਤ ਸੀ, ਪਰ ਹੁਣ ਨੌਜਵਾਨ ਵੀ ਇਸ ਦੀ ਚਪੇਟ ਵਿੱਚ ਆ ਰਹੇ ਹਨ।
ਹਸਪਤਾਲਾਂ ‘ਚ ਇਲਾਜ ਜਾਰੀ, ਕੁਝ ਮਰੀਜ਼ ਹੋਏ ਡਿਸਚਾਰਜ
ਸਿਹਤ ਵਿਭਾਗ ਵੱਲੋਂ ਪਿੰਡ ਵਿੱਚ ਮੈਡੀਕਲ ਕੈਂਪ ਲਗਾ ਕੇ ਇਲਾਜ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਸਮੇਂ ਕਰੀਬ 12 ਬੱਚੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਹੇਠ ਹਨ। ਇਕ ਬੱਚੇ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਉਸਨੂੰ ਫ਼ਰੀਦਕੋਟ ਮੈਡੀਕਲ ਕਾਲਜ ਭੇਜਿਆ ਗਿਆ ਹੈ। ਹਾਲਾਂਕਿ ਕੁਝ ਮਰੀਜ਼ਾਂ ਦੀ ਹਾਲਤ ਵਿੱਚ ਸੁਧਾਰ ਆਉਣ ‘ਤੇ ਉਨ੍ਹਾਂ ਨੂੰ ਛੁੱਟੀ ਵੀ ਦਿੱਤੀ ਗਈ ਹੈ।
ਪਾਣੀ ਦੀ ਸਪਲਾਈ ‘ਤੇ ਸਵਾਲ, ਡਿੱਗੀ ‘ਚੋਂ ਮਿਲੀਆਂ ਗੰਦਗੀ ਭਰੀਆਂ ਚੀਜ਼ਾਂ
ਪਿੰਡ ਵਾਸੀਆਂ ਨੇ ਇਸ ਬੀਮਾਰੀ ਲਈ ਦੂਸ਼ਿਤ ਪਾਣੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਜਿਸ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਹੁੰਦੀ ਸੀ, ਉਸ ਦੀ ਡਿੱਗੀ ਵਿੱਚੋਂ ਮਰੇ ਹੋਏ ਕਬੂਤਰ, ਚੂਹਿਆਂ ਦੇ ਨਿਸ਼ਾਨ ਅਤੇ ਹੋਰ ਗੰਦਗੀ ਮਿਲੀ ਸੀ। ਲੋਕਾਂ ਦੇ ਅਨੁਸਾਰ ਇਹ ਗੰਦਾ ਪਾਣੀ ਹੀ ਬੀਮਾਰੀ ਦੇ ਫੈਲਣ ਦਾ ਮੁੱਖ ਕਾਰਨ ਬਣਿਆ।
ਪਸ਼ੂ ਤੇ ਪੰਛੀਆਂ ਦੇ ਸੈਂਪਲਾਂ ‘ਚੋਂ ਮਿਲੇ ਪਾਜ਼ੀਟਿਵ ਕੇਸ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪਸ਼ੂ ਪਾਲਣ ਵਿਭਾਗ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੀਆਂ ਟੀਮਾਂ ਵੀ ਪਿੰਡ ਪਹੁੰਚੀਆਂ ਹਨ। ਟੀਮਾਂ ਵੱਲੋਂ ਜਾਨਵਰਾਂ ਅਤੇ ਪੰਛੀਆਂ ਦੇ ਲਏ ਗਏ ਕਰੀਬ 40 ਸੈਂਪਲਾਂ ਵਿੱਚੋਂ 5 ਪਾਜ਼ੀਟਿਵ ਨਿਕਲੇ ਹਨ, ਜਿਸ ਨਾਲ ਹਾਲਾਤ ਹੋਰ ਚਿੰਤਾਜਨਕ ਬਣ ਗਏ ਹਨ।
ਸਿਹਤ ਵਿਭਾਗ ਦਾ ਦਾਅਵਾ: ਸਥਿਤੀ ਕਾਬੂ ਹੇਠ
ਦੂਜੇ ਪਾਸੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਹਾਲਾਤ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਡਾਕਟਰੀ ਟੀਮਾਂ ਮੌਕੇ ‘ਤੇ ਕੰਮ ਕਰ ਰਹੀਆਂ ਹਨ। ਅਧਿਕਾਰੀਆਂ ਮੁਤਾਬਿਕ ਇਲਾਜ ਅਤੇ ਰੋਕਥਾਮ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਬੀਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

