ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਘੰਟਿਆਂ ਦੌਰਾਨ ਮੌਸਮ ਅਚਾਨਕ ਤਿੱਖਾ ਰੁਖ ਅਖਤਿਆਰ ਕਰ ਸਕਦਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਨੁਮਾਨ ਅਨੁਸਾਰ ਕਈ ਇਲਾਕਿਆਂ ਵਿੱਚ ਗਰਜ-ਚਮਕ ਦੇ ਨਾਲ ਮੀਂਹ, ਤੇਜ਼ ਹਵਾਵਾਂ ਅਤੇ ਕੁਝ ਥਾਵਾਂ ‘ਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਹਵਾਵਾਂ ਦੀ ਰਫ਼ਤਾਰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਆਰੈਂਜ ਚੇਤਾਵਨੀ ਜਾਰੀ ਕੀਤੀ ਗਈ ਹੈ।
22 ਜ਼ਿਲ੍ਹਿਆਂ ‘ਚ ਅਸਰ, 12 ਇਲਾਕਿਆਂ ‘ਚ ਵੱਧ ਖ਼ਤਰਾ
ਮਿਲੀ ਜਾਣਕਾਰੀ ਮੁਤਾਬਿਕ ਇਹ ਮੌਸਮੀ ਤਬਦੀਲੀ ਪੰਜਾਬ ਦੇ ਲਗਭਗ 22 ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰੇਗੀ। ਇਨ੍ਹਾਂ ਵਿੱਚੋਂ 12 ਜ਼ਿਲ੍ਹਿਆਂ—ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਗੁਰਦਾਸਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਪਟਿਆਲਾ, ਮੁਹਾਲੀ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ ਅਤੇ ਜਲੰਧਰ—ਵਿੱਚ ਗਰਜ, ਬਿਜਲੀ ਅਤੇ ਗੜੇਮਾਰੀ ਦੇ ਆਸਾਰ ਜ਼ਿਆਦਾ ਹਨ। ਇਨ੍ਹਾਂ ਇਲਾਕਿਆਂ ਵਿੱਚ ਅਸਮਾਨ ਦਿਨ ਭਰ ਘੱਟੀ-ਵੱਧੀ ਬੱਦਲਵਾਈ ਨਾਲ ਢੱਕਿਆ ਰਹਿ ਸਕਦਾ ਹੈ।
ਹੋਰ 10 ਜ਼ਿਲ੍ਹਿਆਂ ‘ਚ ਆੰਧੀ ਤੇ ਬਿਜਲੀ ਦੀ ਸੰਭਾਵਨਾ
ਇਸ ਤੋਂ ਇਲਾਵਾ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਵੀ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਇੱਥੇ ਗਰਜ-ਚਮਕ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜੋ ਰੋਜ਼ਮਰਾ ਦੀ ਜ਼ਿੰਦਗੀ ‘ਤੇ ਅਸਰ ਪਾ ਸਕਦੀਆਂ ਹਨ।
ਕਈ ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ, ਫਸਲਾਂ ‘ਤੇ ਵੀ ਅਸਰ
ਮੌਸਮ ਵਿਭਾਗ ਦੇ ਅਨੁਸਾਰ ਲਗਭਗ 14 ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਜਾ ਸਕਦੀ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਦੇ ਵੱਡੇ ਹਿੱਸੇ ਦੇ ਨਾਲ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ ਅਤੇ ਜਲੰਧਰ ਵਿੱਚ ਵੀ ਮੀਂਹ ਪੈਣ ਦੇ ਆਸਾਰ ਹਨ। ਇਸ ਤੋਂ ਇਲਾਵਾ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਅਤੇ ਮੁਹਾਲੀ ਦੇ ਕੁਝ ਖੇਤਰਾਂ ਵਿੱਚ ਵੀ ਬੂੰਦਾਬਾਂਦੀ ਹੋ ਸਕਦੀ ਹੈ, ਜਿਸ ਨਾਲ ਖੇਤੀਬਾੜੀ ‘ਤੇ ਪ੍ਰਭਾਵ ਪੈ ਸਕਦਾ ਹੈ।
ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ
ਮੌਸਮ ਦੇ ਇਸ ਤਿੱਖੇ ਰੁਖ ਨੂੰ ਦੇਖਦਿਆਂ ਲੋਕਾਂ ਨੂੰ ਬਿਨਾਂ ਲੋੜ ਦੇ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਖਾਸ ਕਰਕੇ ਖੁੱਲ੍ਹੇ ਇਲਾਕਿਆਂ, ਦਰੱਖਤਾਂ ਹੇਠਾਂ ਜਾਂ ਬਿਜਲੀ ਦੇ ਖੰਭਿਆਂ ਕੋਲ ਖੜ੍ਹਨ ਤੋਂ ਬਚਣ ਲਈ ਕਿਹਾ ਗਿਆ ਹੈ, ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।

