ਅੰਮ੍ਰਿਤਸਰ :- ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਨਾਲ ਜੁੜੇ ਪ੍ਰਬੰਧਕਾਂ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਮੱਧ-ਪੂਰਬ ਵਿੱਚ ਚੱਲ ਰਹੀ ਤਣਾਭਰੀ ਸਥਿਤੀ ਦਾ ਅਸਰ ਹੁਣ ਧਾਰਮਿਕ ਰਿਵਾਜਾਂ ‘ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਗੁਰੂ ਘਰਾਂ ‘ਚ ਦਿੱਤੇ ਜਾਣ ਵਾਲੇ ਸਿਰੋਪਾਓ ਲਈ ਵਰਤੇ ਜਾਂਦੇ ਕੱਪੜੇ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰੋਜ਼ਾਨਾ ਅਖੰਡ ਪਾਠਾਂ ਮਗਰੋਂ ਦਿੱਤਾ ਜਾਂਦਾ ਹੈ ਸਿਰੋਪਾਓ
ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ‘ਚ ਹਰ ਰੋਜ਼ ਵੱਡੀ ਗਿਣਤੀ ‘ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ। ਇਸ ਮੌਕੇ ਸੰਗਤ ਨੂੰ ਗੁਰੂ ਦੀ ਬਖ਼ਸ਼ਿਸ਼ ਵਜੋਂ ਸਿਰੋਪਾਓ ਭੇਟ ਕੀਤਾ ਜਾਂਦਾ ਹੈ। ਇਹ ਪ੍ਰਥਾ ਸਿਰਫ਼ ਦਰਬਾਰ ਸਾਹਿਬ ਤੱਕ ਸੀਮਿਤ ਨਹੀਂ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੋਰ ਗੁਰਦੁਆਰਿਆਂ ਲਈ ਵੀ ਇਥੋਂ ਹੀ ਸਿਰੋਪਾਓ ਭੇਜੇ ਜਾਂਦੇ ਹਨ।
ਆਰਡਰ ਪੂਰਾ ਨਾ ਹੋਣ ਕਾਰਨ ਉਭਰੀ ਸਥਿਤੀ
ਪ੍ਰਬੰਧਕਾਂ ਮੁਤਾਬਕ ਆਉਣ ਵਾਲੇ ਸਮੇਂ ਦੀ ਲੋੜ ਨੂੰ ਦੇਖਦਿਆਂ ਇੱਕ ਨਿੱਜੀ ਫਰਮ ਨੂੰ ਵੱਡੀ ਮਾਤਰਾ ਵਿੱਚ ਕੱਪੜੇ ਦਾ ਆਰਡਰ ਦਿੱਤਾ ਗਿਆ ਸੀ, ਪਰ ਹੁਣ ਤੱਕ ਇਸ ਦਾ ਕੇਵਲ ਇੱਕ ਹਿੱਸਾ ਹੀ ਪ੍ਰਾਪਤ ਹੋ ਸਕਿਆ ਹੈ। ਇਸ ਅਧੂਰੀ ਸਪਲਾਈ ਨੇ ਸਟਾਕ ‘ਤੇ ਦਬਾਅ ਵਧਾ ਦਿੱਤਾ ਹੈ।
ਕੈਮੀਕਲ ਸਪਲਾਈ ਰੁਕਣ ਨਾਲ ਉਤਪਾਦਨ ਪ੍ਰਭਾਵਿਤ
ਫਰਮ ਵੱਲੋਂ ਦੱਸਿਆ ਗਿਆ ਹੈ ਕਿ ਸਿਰੋਪਾਓ ਲਈ ਵਰਤੇ ਜਾਣ ਵਾਲੇ ਕੱਪੜੇ ਦੀ ਤਿਆਰੀ ਦੌਰਾਨ ਇੱਕ ਖ਼ਾਸ ਕਿਸਮ ਦਾ ਕੈਮੀਕਲ ਲਾਜ਼ਮੀ ਹੁੰਦਾ ਹੈ, ਜੋ ਵਿਦੇਸ਼ ਤੋਂ ਮੰਗਵਾਇਆ ਜਾਂਦਾ ਹੈ। ਮੌਜੂਦਾ ਜੰਗੀ ਹਾਲਾਤਾਂ ਕਾਰਨ ਇਸ ਦੀ ਸਪਲਾਈ ਵਿੱਚ ਰੁਕਾਵਟ ਆਈ ਹੈ, ਜਿਸ ਨਾਲ ਉਤਪਾਦਨ ਪ੍ਰਕਿਰਿਆ ਠੱਪ ਹੋ ਗਈ ਹੈ।
ਲੰਗਰ ਪ੍ਰਥਾ ਜਾਰੀ, ਸਿਰੋਪਾਓ ਲਈ ਵਿਕਲਪਿਕ ਉਪਰਾਲੇ
ਮੈਨੇਜਰ ਨੇ ਸਪੱਸ਼ਟ ਕੀਤਾ ਕਿ ਲੰਗਰ ਸੇਵਾ ਅਤੇ ਸੰਗਤ ਦੀ ਆਵਾਜਾਈ ‘ਤੇ ਕੋਈ ਅਸਰ ਨਹੀਂ ਪਿਆ, ਪਰ ਸਿਰੋਪਾਓ ਦੀ ਉਪਲਬਧਤਾ ਇੱਕ ਚੁਣੌਤੀ ਬਣੀ ਹੋਈ ਹੈ। ਇਸ ਦੇ ਬਾਵਜੂਦ ਪ੍ਰਬੰਧਕ ਇਹ ਯਕੀਨੀ ਬਣਾਉਣ ਲਈ ਯਤਨ ਕਰ ਰਹੇ ਹਨ ਕਿ ਮੌਜੂਦਾ ਸਟਾਕ ਰਾਹੀਂ ਸੰਗਤ ਨੂੰ ਸਿਰੋਪਾਓ ਦੀ ਸੇਵਾ ਲਗਾਤਾਰ ਮਿਲਦੀ ਰਹੇ ਅਤੇ ਪਰੰਪਰਾ ਨੂੰ ਬਰਕਰਾਰ ਰੱਖਿਆ ਜਾਵੇ।

