ਬਰਨਾਲਾ :- ਬਰਨਾਲਾ ਸ਼ਹਿਰ ਵਿੱਚ ਪੁਰਾਤਨ ਦਰੱਖਤਾਂ ਦੀ ਕਥਿਤ ਗੈਰ-ਕਾਨੂੰਨੀ ਕਟਾਈ ਦੇ ਮਾਮਲੇ ਨੇ ਤੂਲ ਫੜ ਲਿਆ ਹੈ, ਜਿਸ ਤੋਂ ਬਾਅਦ ਨੇਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਵੱਲੋਂ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਹ ਕਾਰਵਾਈ ਕਹਨਕੇ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੇ ਆਧਾਰ ‘ਤੇ ਕੀਤੀ ਗਈ ਹੈ।
140 ਤੋਂ ਵੱਧ ਪੁਰਾਣੇ ਦਰੱਖਤ ਕੱਟਣ ਦੇ ਦੋਸ਼
ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬਰਨਾਲਾ ਇੰਪ੍ਰੂਵਮੈਂਟ ਟਰਸਟ ਦੇ ਅਧਿਕਾਰੀਆਂ ਨੇ ਹੋਰ ਵਿਭਾਗਾਂ ਨਾਲ ਮਿਲ ਕੇ ਫਾਊਂਟੇਨ ਚੌਂਕ ਨੇੜੇ ਕਰੀਬ 140 ਦਰੱਖਤ ਉਖਾੜ ਦਿੱਤੇ। ਇਨ੍ਹਾਂ ਵਿੱਚੋਂ ਕਈ ਦਰੱਖਤ 50 ਸਾਲ ਤੋਂ ਵੀ ਵੱਧ ਪੁਰਾਣੇ ਸਨ, ਜੋ ਵਾਤਾਵਰਣ ਲਈ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਸਨ।
ਮਹੱਤਵਪੂਰਨ ਪ੍ਰਜਾਤੀਆਂ ਨੂੰ ਹੋਇਆ ਨੁਕਸਾਨ
ਦਰੱਖਤਾਂ ਵਿੱਚ ਨੀਮ, ਬਰਗਦ, ਪੀਪਲ, ਸ਼ਹਤੂਤ, ਸਾਗਵਾਨ, ਕੀਕਰ, ਤਾਹਲੀ ਅਤੇ ਜੰਡ ਵਰਗੀਆਂ ਪ੍ਰਜਾਤੀਆਂ ਸ਼ਾਮਲ ਸਨ। ਪਟੀਸ਼ਨਰ ਦੇ ਅਨੁਸਾਰ ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਇਹ ਕਾਰਵਾਈ ਕੀਤੀ ਗਈ, ਜਿਸ ਨਾਲ ਸਥਾਨਕ ਵਾਤਾਵਰਣ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ।
ਅਧਿਕਾਰੀਆਂ ‘ਤੇ ਲਾਪਰਵਾਹੀ ਦੇ ਇਲਜ਼ਾਮ
ਪਟੀਸ਼ਨ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਕਿ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਸੰਬੰਧਿਤ ਅਧਿਕਾਰੀਆਂ ਵੱਲੋਂ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਧਨੌਲਾ, ਭਗਤਗੜ੍ਹ, ਬਦਬਰ ਅਤੇ ਪੂਡਾ ਮਾਰਕੀਟ ਖੇਤਰ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।
ਜਾਂਚ ਲਈ ਸਾਂਝੀ ਕਮੇਟੀ ਦਾ ਗਠਨ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਨਜੀਟੀ ਨੇ ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ, ਵਾਤਾਵਰਣ ਮੰਤਰਾਲੇ ਦੇ ਚੰਡੀਗੜ੍ਹ ਦਫ਼ਤਰ ਅਤੇ ਪੰਜਾਬ ਦੇ ਪ੍ਰਿੰਸੀਪਲ ਚੀਫ਼ ਕਨਜ਼ਰਵੇਟਰ ਆਫ਼ ਫਾਰੈਸਟ ਦੇ ਨੁਮਾਇੰਦਿਆਂ ਦੀ ਇੱਕ ਸਾਂਝੀ ਕਮੇਟੀ ਬਣਾਈ ਹੈ। ਇਸ ਕਮੇਟੀ ਨੂੰ ਸਥਾਨ ਦਾ ਮੁਆਇਨਾ ਕਰਕੇ ਸੱਚਾਈ ਦੀ ਪੁਸ਼ਟੀ ਕਰਨ, ਕੱਟੇ ਦਰੱਖਤਾਂ ਦੀ ਗਿਣਤੀ ਕਰਨ ਅਤੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਚਾਰ ਹਫ਼ਤਿਆਂ ਵਿੱਚ ਰਿਪੋਰਟ ਦੇਣ ਦੇ ਹੁਕਮ
ਕਮੇਟੀ ਨੂੰ ਕਿਹਾ ਗਿਆ ਹੈ ਕਿ ਉਹ ਚਾਰ ਹਫ਼ਤਿਆਂ ਅੰਦਰ ਆਪਣੀ ਰਿਪੋਰਟ ਪੇਸ਼ ਕਰੇ ਅਤੇ ਲੋੜ ਅਨੁਸਾਰ ਸੁਧਾਰਾਤਮਕ ਅਤੇ ਕਾਨੂੰਨੀ ਕਾਰਵਾਈਆਂ ਦੀ ਸਿਫਾਰਸ਼ ਕਰੇ। ਇਸ ਮਾਮਲੇ ਦੀ ਅਗਲੀ ਸੁਣਵਾਈ 3 ਜੁਲਾਈ ਨੂੰ ਹੋਣੀ ਨਿਰਧਾਰਤ ਕੀਤੀ ਗਈ ਹੈ।

