ਚੰਡੀਗੜ੍ਹ :- ਚੰਡੀਗੜ੍ਹ ਵਿੱਚ ਚਰਨਪ੍ਰੀਤ ਸਿੰਘ ਨਾਗਰਾ ਉਰਫ਼ ਚੀਨੀ ਕੁਬਾਹੇੜੀ ਦੇ ਕਤਲ ਮਾਮਲੇ ਵਿੱਚ ਵੱਡੀ ਤਰੱਕੀ ਕਰਦਿਆਂ ਪੰਜਾਬ ਦੀ ਏਜੀਟੀਐਫ ਨੇ ਕੈਥਲ ਇਲਾਕੇ ਵਿੱਚ ਐਨਕਾਊਂਟਰ ਦੌਰਾਨ ਦੋਵੇਂ ਮੁੱਖ ਸ਼ੂਟਰਾਂ ਨੂੰ ਕਾਬੂ ਕਰ ਲਿਆ। ਕਾਰਵਾਈ ਦੌਰਾਨ ਦੋਵੇਂ ਮੁਲਜ਼ਮ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਪੁਲਿਸ ‘ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼
ਜਾਣਕਾਰੀ ਮੁਤਾਬਕ ਜਦੋਂ ਪੁਲਿਸ ਟੀਮ ਨੇ ਮੁਲਜ਼ਮਾਂ ਨੂੰ ਘੇਰਿਆ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ‘ਤੇ ਗੋਲੀਬਾਰੀ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਦੋਵੇਂ ਸ਼ੂਟਰਾਂ ਨੂੰ ਕਾਬੂ ਕਰ ਲਿਆ ਗਿਆ।
ਇਕ ਮੁਲਜ਼ਮ ਵਿਦੇਸ਼ ਤੋਂ ਗੈਰਕਾਨੂੰਨੀ ਤੌਰ ‘ਤੇ ਆਇਆ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਰਾਜਨ ਉਰਫ਼ ਪੀਯੂਸ਼ ਪਹਿਲਵਾਨ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ, ਜੋ ਕੁਝ ਸਮਾਂ ਪਹਿਲਾਂ ਮਲੇਸ਼ੀਆ ਤੋਂ ਨੇਪਾਲ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖਲ ਹੋਇਆ ਸੀ। ਦੂਜਾ ਮੁਲਜ਼ਮ ਪ੍ਰੀਤਮ ਸ਼ਾਹ ਨਵਾਂਸ਼ਹਿਰ ਨਾਲ ਸੰਬੰਧਤ ਦੱਸਿਆ ਜਾ ਰਿਹਾ ਹੈ।
ਪੁਰਾਣੇ ਮਾਮਲਿਆਂ ‘ਚ ਵੀ ਸ਼ਾਮਲ ਰਹੇ ਦੋਸ਼ੀ
ਪੁਲਿਸ ਰਿਕਾਰਡ ਅਨੁਸਾਰ ਦੋਵੇਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਕੇਸ ਦਰਜ ਹਨ। ਜਾਂਚ ਏਜੰਸੀਆਂ ਉਨ੍ਹਾਂ ਦੇ ਹੋਰ ਸਾਥੀਆਂ ਅਤੇ ਗੈਂਗ ਲਿੰਕਾਂ ਬਾਰੇ ਵੀ ਪਤਾ ਲਗਾ ਰਹੀਆਂ ਹਨ।
ਹਥਿਆਰ ਤੇ ਮੋਟਰਸਾਈਕਲ ਜ਼ਬਤ, ਜਾਂਚ ਤੇਜ਼
ਪੁਲਿਸ ਨੇ ਦੋਵੇਂ ਸ਼ੂਟਰਾਂ ਕੋਲੋਂ ਕਤਲ ਵਿੱਚ ਵਰਤਿਆ ਗਿਆ ਹਥਿਆਰ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਹੁਣ ਇਸ ਮਾਮਲੇ ਨਾਲ ਜੁੜੇ ਹੋਰ ਸਬੰਧਾਂ ਦੀ ਪੜਤਾਲ ਕਰਕੇ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

