ਨਵੀਂ ਦਿੱਲੀ :- ਕੇਂਦਰ ਸਰਕਾਰ ਨੇ ਗਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਲਈ ਵੱਡਾ ਫ਼ੈਸਲਾ ਕਰਦਿਆਂ ਮੁਫ਼ਤ ਰਾਸ਼ਨ ਸਕੀਮ ਤਹਿਤ ਤਿੰਨ ਮਹੀਨਿਆਂ ਦਾ ਕੋਟਾ ਇਕੱਠਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਫ਼ੈਸਲੇ ਨਾਲ ਦੇਸ਼ ਭਰ ਦੇ ਕਰੋੜਾਂ ਲੋਕਾਂ ਨੂੰ ਸਿੱਧੀ ਰਾਹਤ ਮਿਲਣ ਦੀ ਉਮੀਦ ਹੈ।
ਅਪ੍ਰੈਲ ਤੋਂ ਜੂਨ ਤੱਕ ਦਾ ਕੋਟਾ ਇਕ ਵਾਰ ‘ਚ ਮਿਲੇਗਾ
ਜਾਰੀ ਹਦਾਇਤਾਂ ਅਨੁਸਾਰ ਅਪ੍ਰੈਲ 2026 ਤੋਂ ਜੂਨ 2026 ਤੱਕ ਦਾ ਰਾਸ਼ਨ ਲਾਭਪਾਤਰੀਆਂ ਨੂੰ ਇਕੱਠਾ ਦਿੱਤਾ ਜਾਵੇਗਾ। ਇਹ ਕਦਮ ਆਉਣ ਵਾਲੇ ਖਰੀਦ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਗਿਆ ਹੈ, ਤਾਂ ਜੋ ਵੰਡ ਪ੍ਰਕਿਰਿਆ ਸੁਚਾਰੂ ਤਰੀਕੇ ਨਾਲ ਚੱਲ ਸਕੇ।
ਪੰਜਾਬ ‘ਚ ਪਹਿਲਾਂ ਤੋਂ ਹੀ ਤਿੰਨ ਮਹੀਨੇ ਦਾ ਰਾਸ਼ਨ ਵੰਡਣ ਦੀ ਪ੍ਰਥਾ
ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿੱਚ ਮਹੀਨਾਵਾਰ ਰਾਸ਼ਨ ਦਿੱਤਾ ਜਾਂਦਾ ਹੈ, ਪਰ ਪੰਜਾਬ ਵਿੱਚ ਪਹਿਲਾਂ ਤੋਂ ਹੀ ਤਿੰਨ-ਤਿੰਨ ਮਹੀਨੇ ਦਾ ਕੋਟਾ ਇਕੱਠਾ ਵੰਡਿਆ ਜਾਂਦਾ ਹੈ। ਸੂਬੇ ਵਿੱਚ ਹਜ਼ਾਰਾਂ ਡੀਪੂ ਹੋਲਡਰ ਸਾਲ ਦੌਰਾਨ ਕਈ ਵਾਰ ਇਹ ਰਾਸ਼ਨ ਲੋਕਾਂ ਤੱਕ ਪਹੁੰਚਾਉਂਦੇ ਹਨ।
ਹਰ ਮੈਂਬਰ ਨੂੰ 5 ਕਿਲੋ ਅਨਾਜ, ਬਾਇਓਮੀਟ੍ਰਿਕ ਸਿਸਟਮ ਰਾਹੀਂ ਵੰਡ
ਯੋਜਨਾ ਤਹਿਤ ਹਰ ਲਾਭਪਾਤਰੀ ਨੂੰ ਪ੍ਰਤੀ ਮੈਂਬਰ 5 ਕਿਲੋ ਦੇ ਹਿਸਾਬ ਨਾਲ ਗੇਂਹੂ ਅਤੇ ਚੌਲ ਦਿੱਤੇ ਜਾਂਦੇ ਹਨ। ਰਾਸ਼ਨ ਦੀ ਵੰਡ ਪੂਰੀ ਤਰ੍ਹਾਂ ਬਾਇਓਮੀਟ੍ਰਿਕ ਪ੍ਰਣਾਲੀ ਰਾਹੀਂ ਕੀਤੀ ਜਾਂਦੀ ਹੈ, ਜਿਸ ਨਾਲ ਪਾਰਦਰਸ਼ਤਾ ਯਕੀਨੀ ਬਣਾਈ ਜਾਂਦੀ ਹੈ।
ਫ਼ੈਸਲੇ ਨਾਲ ਲੋਕਾਂ ਵਿੱਚ ਖੁਸ਼ੀ, ਮਹਿੰਗਾਈ ‘ਚ ਮਿਲੇਗੀ ਰਾਹਤ
ਇਸ ਫ਼ੈਸਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਰਾਸ਼ਨ ਡੀਲਰਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਅਗਾਊਂ ਕੋਟਾ ਜਾਰੀ ਹੋਣ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਮੰਨਿਆ ਕਿ ਇਸ ਨਾਲ ਰੋਜ਼ਮਰਰਾ ਦੀ ਲੋੜਾਂ ਪੂਰੀ ਕਰਨ ਵਿੱਚ ਆਸਾਨੀ ਰਹੇਗੀ ਅਤੇ ਮਹਿੰਗਾਈ ਦਾ ਅਸਰ ਵੀ ਕੁਝ ਹੱਦ ਤੱਕ ਘਟੇਗਾ।

