ਜੰਮੂ :- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਬੁੱਧਵਾਰ ਰਾਤ ਇੱਕ ਵਿਆਹ ਸਮਾਗਮ ਦੌਰਾਨ ਅਚਾਨਕ ਹੋਈ ਗੋਲੀਬਾਰੀ ਕਾਰਨ ਖਤਰੇ ਵਿੱਚ ਆ ਗਏ। ਇਹ ਘਟਨਾ ਜੰਮੂ ਦੇ ਗ੍ਰੇਟਰ ਕੈਲਾਸ਼ ਇਲਾਕੇ ਦੇ ਰਾਇਲ ਪਾਰਕ ਵਿੱਚ ਹੋ ਰਹੇ ਸਮਾਰੋਹ ਦੌਰਾਨ ਵਾਪਰੀ। ਸਮੇਂ ਉਨ੍ਹਾਂ ਦੇ ਨਾਲ ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਸੁਰੇਂਦਰ ਚੌਧਰੀ ਵੀ ਮੌਜੂਦ ਸਨ। ਗੋਲੀਬਾਰੀ ਦੀ ਆਵਾਜ਼ ਸੁਣਦੇ ਹੀ ਮੌਕੇ ‘ਤੇ ਹਫੜਾ-ਦਫੜੀ ਮਚ ਗਈ, ਹਾਲਾਂਕਿ ਖੁਸ਼ਕਿਸਮਤੀ ਨਾਲ ਫਾਰੂਕ ਅਬਦੁੱਲਾ ਨੂੰ ਕੋਈ ਸੱਟ ਨਹੀਂ ਲੱਗੀ।
ਸੁਰੱਖਿਆ ਬਲਾਂ ਦੀ ਤੁਰੰਤ ਕਾਰਵਾਈ
ਸਮਾਗਮ ਦੌਰਾਨ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ ਅਤੇ ਪੁਲਿਸ ਨਾਲ ਨਾਲ ਕਮਾਂਡੋ ਦਸਤਿਆਂ ਨੂੰ ਵੀ ਤਾਇਨਾਤ ਕੀਤਾ ਗਿਆ ਸੀ। ਗੋਲੀ ਚਲਣ ਦੀ ਆਵਾਜ਼ ਆਉਂਦੇ ਹੀ ਸੁਰੱਖਿਆ ਕਰਮਚਾਰੀ ਤੁਰੰਤ ਹਰਕਤ ਵਿੱਚ ਆ ਗਏ ਅਤੇ ਹਮਲਾਵਰ ਨੂੰ ਕਾਬੂ ਕਰ ਲਿਆ। ਇਸ ਕਾਰਵਾਈ ਨਾਲ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਅਤੇ ਸਥਿਤੀ ਜਲਦੀ ਕਾਬੂ ਵਿੱਚ ਆ ਗਈ।
ਦੋਸ਼ੀ ਨੂੰ ਮੌਕੇ ਤੋਂ ਹੀ ਹਿਰਾਸਤ ਵਿੱਚ ਲਿਆ
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਮੌਕੇ ‘ਤੇ ਹੀ ਹਿਰਾਸਤ ਵਿੱਚ ਲੈ ਲਿਆ ਅਤੇ ਉਸਦੇ ਕੋਲੋਂ ਗੋਲੀਬਾਰੀ ਵਿੱਚ ਵਰਤੀ ਗਈ ਬੰਦੂਕ ਵੀ ਬਰਾਮਦ ਕਰ ਲਈ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਲੋਕਾਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਹਮਲਾਵਰ ਨੂੰ ਘੇਰ ਕੇ ਕਾਬੂ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਸਮੇਂ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੌਣ ਹੈ ਕਮਲ ਸਿੰਘ ਜਾਮਵਾਲ
ਪੁਲਿਸ ਦੀ ਜਾਂਚ ਦੌਰਾਨ ਹਮਲਾਵਰ ਦੀ ਪਛਾਣ ਕਮਲ ਸਿੰਘ ਜਾਮਵਾਲ ਵਜੋਂ ਹੋਈ ਹੈ। ਉਹ ਜੰਮੂ ਦੇ ਪੁਰਾਣੀ ਮੰਡੀ ਖੇਤਰ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਉਸਦਾ ਜਨਮ ਸਾਲ 1963 ਵਿੱਚ ਹੋਇਆ ਸੀ ਅਤੇ ਉਹ ਲੰਬੇ ਸਮੇਂ ਤੋਂ ਜੰਮੂ ਦੇ ਪੁਰਾਣੇ ਸ਼ਹਿਰ ਇਲਾਕੇ ਵਿੱਚ ਰਹਿ ਰਿਹਾ ਹੈ। ਸਥਾਨਕ ਸਰੋਤਾਂ ਦੇ ਅਨੁਸਾਰ ਉਸਦੇ ਇਲਾਕੇ ਵਿੱਚ ਕੁਝ ਵਪਾਰਕ ਸਥਾਨ ਹਨ ਅਤੇ ਉਹ ਉਨ੍ਹਾਂ ਤੋਂ ਕਿਰਾਏ ਰਾਹੀਂ ਆਪਣਾ ਗੁਜ਼ਾਰਾ ਕਰਦਾ ਹੈ।
ਪੁੱਛਗਿੱਛ ਦੌਰਾਨ ਹੈਰਾਨ ਕਰਨ ਵਾਲਾ ਖੁਲਾਸਾ
ਪੁਲਿਸ ਪੁੱਛਗਿੱਛ ਦੌਰਾਨ ਦੋਸ਼ੀ ਵੱਲੋਂ ਇੱਕ ਚੌਕਾਣ ਵਾਲੀ ਗੱਲ ਸਾਹਮਣੇ ਆਈ ਹੈ। ਉਸਨੇ ਦਾਅਵਾ ਕੀਤਾ ਕਿ ਉਹ ਕਈ ਸਾਲਾਂ ਤੋਂ ਫਾਰੂਕ ਅਬਦੁੱਲਾ ‘ਤੇ ਹਮਲਾ ਕਰਨ ਦੀ ਸੋਚ ਰੱਖਦਾ ਸੀ ਅਤੇ ਇਸ ਲਈ ਮੌਕੇ ਦੀ ਉਡੀਕ ਕਰ ਰਿਹਾ ਸੀ। ਜਾਂਚ ਏਜੰਸੀਆਂ ਹੁਣ ਇਹ ਜਾਣਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੀ ਇਸ ਸਾਜ਼ਿਸ਼ ਵਿੱਚ ਕੋਈ ਹੋਰ ਵਿਅਕਤੀ ਵੀ ਸ਼ਾਮਲ ਸੀ ਜਾਂ ਨਹੀਂ।
ਜਾਂਚ ਏਜੰਸੀਆਂ ਨੇ ਸ਼ੁਰੂ ਕੀਤੀ ਵਿਸਥਾਰਪੂਰਵਕ ਜਾਂਚ
ਪੁਲਿਸ ਇਸ ਸਮੇਂ ਦੋਸ਼ੀ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਸਨੇ ਹਮਲੇ ਦੀ ਯੋਜਨਾ ਕਿਵੇਂ ਬਣਾਈ। ਨਾਲ ਹੀ ਇਹ ਵੀ ਖੰਗਾਲਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਪਿੱਛੇ ਕੋਈ ਹੋਰ ਸਾਥੀ ਜਾਂ ਵੱਡੀ ਸਾਜ਼ਿਸ਼ ਤਾਂ ਨਹੀਂ। ਸੁਰੱਖਿਆ ਏਜੰਸੀਆਂ ਵੱਲੋਂ ਸਮਾਗਮ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਅਤੇ ਵੀਡੀਓਜ਼ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

