ਅਸਾਮ :- ਅਸਾਮ ਦੇ ਕਾਰਬੀ ਆਂਗਲੋਂਗ ਜ਼ਿਲ੍ਹੇ ਵਿੱਚ ਭਾਰਤੀ ਹਵਾਈ ਫੌਜ ਦਾ ਸੁਖੋਈ S-30 ਐਮਕੇਆਈ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਤਾਲੀਮੀ ਉਡਾਣ ‘ਤੇ ਸੀ ਅਤੇ ਜੋਰਹਾਟ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ।
ਦੋਵੇਂ ਪਾਇਲਟਾਂ ਨੇ ਗੁਆਈ ਜਾਨ
ਹਵਾਈ ਫੌਜ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਪਹਿਚਾਣ ਸਕਵਾਡਰਨ ਲੀਡਰ ਅਨੁਜ ਅਤੇ ਫਲਾਈਟ ਲੈਫਟੀਨੈਂਟ ਪੁਰਵੇਸ਼ ਦੁਰਾਗਕਰ ਵਜੋਂ ਕੀਤੀ ਗਈ ਹੈ। ਹਾਦਸੇ ਤੋਂ ਬਾਅਦ ਬਚਾਅ ਟੀਮਾਂ ਅਤੇ ਸੁਰੱਖਿਆ ਬਲਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ।
ਰਡਾਰ ਸੰਪਰਕ ਟੁੱਟਣ ਤੋਂ ਬਾਅਦ ਹੋਇਆ ਹਾਦਸਾ
ਹਵਾਈ ਫੌਜ ਦੇ ਅਧਿਕਾਰੀਆਂ ਮੁਤਾਬਕ ਉਡਾਣ ਦੌਰਾਨ ਜਹਾਜ਼ ਦਾ ਰਡਾਰ ਸੰਪਰਕ ਅਚਾਨਕ ਟੁੱਟ ਗਿਆ ਸੀ। ਇਹ ਇਲਾਕਾ ਪਹਾੜੀ ਹੋਣ ਕਾਰਨ ਤਲਾਸ਼ ਮੁਹਿੰਮ ਵਿੱਚ ਸ਼ੁਰੂਆਤੀ ਦੌਰ ਵਿੱਚ ਮੁਸ਼ਕਲਾਂ ਆਈਆਂ। ਜਹਾਜ਼ ਦੇ ਗੁੰਮ ਹੋਣ ਦੀ ਸੂਚਨਾ ਮਿਲਦੇ ਹੀ ਖੋਜ ਮੁਹਿੰਮ ਚਲਾਈ ਗਈ, ਜਿਸ ਤੋਂ ਬਾਅਦ ਹਾਦਸੇ ਦੀ ਪੁਸ਼ਟੀ ਹੋਈ।
ਭਾਰਤੀ ਹਵਾਈ ਫੌਜ ਦਾ ਅਹਿਮ ਲੜਾਕੂ ਜਹਾਜ਼
ਸੁਖੋਈ S-30 ਐਮਕੇਆਈ ਜਹਾਜ਼ ਭਾਰਤੀ ਹਵਾਈ ਫੌਜ ਦੇ ਸਭ ਤੋਂ ਸਮਰੱਥ ਅਤੇ ਆਧੁਨਿਕ ਲੜਾਕੂ ਜਹਾਜ਼ਾਂ ਵਿੱਚ ਸ਼ਾਮਲ ਮੰਨਿਆ ਜਾਂਦਾ ਹੈ। ਇਸ ਨੂੰ 2000 ਦੇ ਸ਼ੁਰੂਆਤੀ ਦਹਾਕੇ ਵਿੱਚ ਫੌਜ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਇਹ ਕਈ ਰਣਨੀਤਿਕ ਮਿਸ਼ਨਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

