ਚੰਡੀਗੜ੍ਹ :- ਸੂਬੇ ਵਿੱਚ ਵੱਧ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕਰਨ ਦਾ ਫ਼ੈਸਲਾ ਕੀਤਾ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਨਵਾਂ ਸਮਾਂ 1 ਮਾਰਚ ਤੋਂ 31 ਮਾਰਚ, 2026 ਤੱਕ ਲਾਗੂ ਰਹੇਗਾ। ਇਸ ਕਦਮ ਦਾ ਮਕਸਦ ਵਿਦਿਆਰਥੀਆਂ ਨੂੰ ਤਿੱਖੀ ਧੁੱਪ ਅਤੇ ਉੱਚੇ ਤਾਪਮਾਨ ਤੋਂ ਬਚਾਉਣਾ ਹੈ।
ਪ੍ਰਾਇਮਰੀ ਸਕੂਲਾਂ ਲਈ ਨਵਾਂ ਸਮਾਂ
ਜਾਰੀ ਹੁਕਮਾਂ ਮੁਤਾਬਕ ਪ੍ਰਾਇਮਰੀ ਸਕੂਲ ਸਵੇਰੇ 8:30 ਵਜੇ ਖੁਲਣਗੇ ਅਤੇ ਦੁਪਹਿਰ 2:30 ਵਜੇ ਛੁੱਟੀ ਹੋਵੇਗੀ। ਵਿਭਾਗ ਦਾ ਮੰਨਣਾ ਹੈ ਕਿ ਇਹ ਸਮਾਂ ਛੋਟੇ ਬੱਚਿਆਂ ਦੀ ਸਿਹਤ ਅਤੇ ਸਹੂਲਤ ਨੂੰ ਧਿਆਨ ਵਿੱਚ ਰੱਖ ਕੇ ਨਿਰਧਾਰਤ ਕੀਤਾ ਗਿਆ ਹੈ।
ਮਿਡਲ ਤੋਂ ਸੀਨੀਅਰ ਸੈਕੰਡਰੀ ਤੱਕ ਅਲੱਗ ਸਮਾਂ-ਸਾਰਣੀ
ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ ਸਕੂਲ ਦਾ ਸਮਾਂ ਸਵੇਰੇ 8:30 ਵਜੇ ਤੋਂ ਦੁਪਹਿਰ 2:50 ਵਜੇ ਤੱਕ ਤੈਅ ਕੀਤਾ ਗਿਆ ਹੈ। ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਸਾਰੇ ਸਕੂਲ ਪ੍ਰਬੰਧਕ ਇਸ ਸਮਾਂ-ਸਾਰਣੀ ਦੀ ਪਾਲਣਾ ਯਕੀਨੀ ਬਣਾਉਣ।
ਹੁਕਮਾਂ ਦੀ ਉਲੰਘਣਾ ‘ਤੇ ਕਾਰਵਾਈ ਦੀ ਚੇਤਾਵਨੀ
ਸਿੱਖਿਆ ਵਿਭਾਗ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਹੈ ਕਿ ਜਾਰੀ ਕੀਤੇ ਨਿਰਦੇਸ਼ਾਂ ਦੀ ਪੂਰੀ ਪਾਲਣਾ ਹੋਣੀ ਚਾਹੀਦੀ ਹੈ। ਕਿਸੇ ਵੀ ਸਕੂਲ ਵੱਲੋਂ ਲਾਪਰਵਾਹੀ ਜਾਂ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।

