ਚੰਡੀਗੜ੍ਹ :- ਬੇਬੇ ਮਹਿੰਦਰ ਕੌਰ ਵੱਲੋਂ ਦਰਜ ਮਾਣਹਾਨੀ ਮਾਮਲੇ ਵਿੱਚ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ (Kangana Ranaut) ਸਬੰਧੀ ਅੱਜ ਹੋਣੀ ਸੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਸਥਾਨਕ ਅਦਾਲਤ ਵਿੱਚ ਵਕੀਲਾਂ ਦੀ ਜਾਰੀ ਹੜਤਾਲ ਦੇ ਮੱਦੇਨਜ਼ਰ ਕਾਰਵਾਈ ਅੱਗੇ ਨਹੀਂ ਵੱਧ ਸਕੀ ਅਤੇ ਮਾਮਲੇ ਦੀ ਅਗਲੀ ਤਾਰੀਖ 10 ਮਾਰਚ ਨਿਰਧਾਰਿਤ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਬਠਿੰਡਾ ਬਾਰ ਵੱਲੋਂ ਚੱਲ ਰਹੀ ਹੜਤਾਲ ਕਾਰਨ ਅਦਾਲਤੀ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ, ਜਿਸ ਦਾ ਅਸਰ ਇਸ ਕੇਸ ‘ਤੇ ਵੀ ਪਿਆ।
ਰਾਜ਼ੀਨਾਮੇ ਦੀਆਂ ਪੇਸ਼ਕਸ਼ਾਂ, ਪਰ ਫ਼ੈਸਲਾ ਅਦਾਲਤ ‘ਤੇ ਛੱਡਿਆ
ਮਾਮਲੇ ਸਬੰਧੀ ਗੱਲਬਾਤ ਕਰਦੇ ਹੋਏ ਬੇਬੇ ਮਹਿੰਦਰ ਕੌਰ ਦੇ ਪਤੀ ਲਾਭ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਮਝੌਤੇ ਲਈ ਕਈ ਥਾਵਾਂ ਤੋਂ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਦਬਾਅ ਹੇਠ ਨਹੀਂ ਆਉਣਗੇ ਅਤੇ ਜੋ ਵੀ ਫ਼ੈਸਲਾ ਅਦਾਲਤ ਕਰੇਗੀ, ਉਹਨਾਂ ਨੂੰ ਮਨਜ਼ੂਰ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਉਮਰ ਵਿੱਚ ਅਦਾਲਤੀ ਚੱਕਰ ਕੱਟਣੇ ਔਖੇ ਹਨ, ਪਰ ਉਹ ਨਿਆਂਕ ਪ੍ਰਕਿਰਿਆ ‘ਤੇ ਭਰੋਸਾ ਰੱਖਦੇ ਹਨ।
ਪਾਸਪੋਰਟ ਜਮ੍ਹਾਂ ਕਰਵਾਉਣ ਲਈ ਅਰਜ਼ੀ
ਬੇਬੇ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਹੜਤਾਲ ਕਾਰਨ ਅੱਜ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਅਦਾਲਤ ਵਿੱਚ ਇਕ ਅਰਜ਼ੀ ਵੀ ਦਿੱਤੀ ਗਈ ਹੈ, ਜਿਸ ਵਿੱਚ ਸੰਸਦ ਮੈਂਬਰ ਦਾ ਪਾਸਪੋਰਟ ਜਮ੍ਹਾਂ ਕਰਵਾਉਣ ਦੀ ਮੰਗ ਕੀਤੀ ਗਈ ਹੈ, ਤਾਂ ਜੋ ਮਾਮਲੇ ਦੀ ਕਾਰਵਾਈ ਸੁਚਾਰੂ ਤਰੀਕੇ ਨਾਲ ਅੱਗੇ ਵੱਧ ਸਕੇ।ਮਾਮਲੇ ਨੂੰ ਲੈ ਕੇ ਦੋਵੇਂ ਪੱਖ ਅਦਾਲਤੀ ਕਾਰਵਾਈ ਦੀ ਉਡੀਕ ਕਰ ਰਹੇ ਹਨ ਅਤੇ ਹੁਣ ਸਭ ਦੀ ਨਜ਼ਰ 10 ਮਾਰਚ ਨੂੰ ਹੋਣ ਵਾਲੀ ਅਗਲੀ ਸੁਣਵਾਈ ‘ਤੇ ਟਿਕੀ ਹੋਈ ਹੈ

