ਫਗਵਾੜਾ :- ਫਗਵਾੜਾ ਸ਼ਹਿਰ ਦੀ ਪ੍ਰਸਿੱਧ ਕੱਪੜਿਆਂ ਦੀ ਦੁਕਾਨ ‘ਲਾਡੀ ਦੀ ਹੱਟੀ’ ਵਿੱਚ ਸ਼ਨੀਵਾਰ ਨੂੰ ਉਸ ਵੇਲੇ ਹੰਗਾਮੇ ਵਾਲਾ ਮਾਹੌਲ ਬਣ ਗਿਆ ਜਦੋਂ ਪੰਜਾਬੀ ਗਾਇਕ ਗੀਤਾ ਜੈਲਦਾਰ ਆਪਣੇ ਸਾਥੀਆਂ ਸਮੇਤ ਉੱਥੇ ਪਹੁੰਚੇ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਖਰੀਦੇ ਗਏ ਕੁੜਤੇ-ਚਾਦਰੇ ਵਿੱਚ ਨੁਕਸ ਹੋਣ ਦੀ ਗੱਲ ਕਹਿ ਕੇ ਵਾਪਸੀ ਲਈ ਆਏ ਗਾਇਕ ਅਤੇ ਦੁਕਾਨਦਾਰ ਵਿਚਕਾਰ ਗੱਲਬਾਤ ਤਕਰਾਰ ਵਿੱਚ ਬਦਲ ਗਈ।
ਦੁਕਾਨਦਾਰ ਵੱਲੋਂ ਬਦਸਲੂਕੀ ਦੇ ਦੋਸ਼
ਦੁਕਾਨ ਦੇ ਮਾਲਕ ਨਿਸ਼ਾਂਤ ਨੇ ਦੋਸ਼ ਲਗਾਇਆ ਕਿ ਗਾਇਕ ਦੇ ਨਾਲ ਆਏ ਲਗਭਗ ਇੱਕ ਦਰਜਨ ਲੋਕਾਂ ਨੇ ਬਹਿਸ ਦੌਰਾਨ ਤਿੱਖਾ ਰਵੱਈਆ ਅਪਣਾਇਆ। ਉਸ ਦਾ ਕਹਿਣਾ ਹੈ ਕਿ ਗੱਲ ਇੰਨੀ ਵਧ ਗਈ ਕਿ ਧੱਕਾ-ਮੁੱਕੀ ਤੱਕ ਦੀ ਨੌਬਤ ਆ ਗਈ ਅਤੇ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਦਾਅਵਾ ਕੀਤਾ ਗਿਆ ਹੈ ਕਿ ਘਟਨਾ ਵੇਲੇ ਦੁਕਾਨ ਅੰਦਰ ਮਹਿਲਾ ਗਾਹਕ ਅਤੇ ਕਰਮਚਾਰੀ ਮੌਜੂਦ ਸਨ, ਜਿਸ ਨਾਲ ਸਥਿਤੀ ਹੋਰ ਤਣਾਅਪੂਰਨ ਬਣ ਗਈ।
ਸੀਸੀਟੀਵੀ ਫੁਟੇਜ ਹੋਈ ਜਨਤਕ
ਮਾਮਲੇ ਨੂੰ ਲੈ ਕੇ ਦੁਕਾਨਦਾਰ ਵੱਲੋਂ ਸੀਸੀਟੀਵੀ ਦ੍ਰਿਸ਼ ਵੀ ਸਾਂਝੇ ਕੀਤੇ ਗਏ ਹਨ, ਜਿਨ੍ਹਾਂ ਤੋਂ ਬਾਅਦ ਇਹ ਘਟਨਾ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣ ਗਈ। ਸਥਿਤੀ ਦੀ ਗੰਭੀਰਤਾ ਦੇ ਮੱਦੇਨਜ਼ਰ ਸਥਾਨਕ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ ਸੀ।
ਗਾਇਕ ਵੱਲੋਂ ਮਾਫ਼ੀ
ਵਿਵਾਦ ਤੀਖਾ ਹੋਣ ਮਗਰੋਂ ਗਾਇਕ ਗੀਤਾ ਜ਼ੈਲਦਾਰ ਵੱਲੋਂ ਮਾਫ਼ੀ ਮੰਗਣ ਦੀ ਖ਼ਬਰ ਹੈ। ਉਨ੍ਹਾਂ ਵੱਲੋਂ ਇਸ ਮਾਮਲੇ ‘ਤੇ ਆਪਣਾ ਪੱਖ ਵੀ ਰੱਖਿਆ ਗਿਆ ਹੈ। ਫਿਲਹਾਲ ਘਟਨਾ ਸਬੰਧੀ ਵੱਖ-ਵੱਖ ਪੱਖਾਂ ਦੇ ਬਿਆਨਾਂ ਤੋਂ ਬਾਅਦ ਮਾਮਲਾ ਠੰਢਾ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

