ਮੁਹਾਲੀ :- ਮੁਹਾਲੀ ਦੇ ਫੇਜ਼-11 ਇਲਾਕੇ ਵਿੱਚ ਇਕ ਪੰਜਾਬੀ ਨੌਜਵਾਨ ਦਾ ਕਤਲ ਹੋਣ ਨਾਲ ਸਥਿਤੀ ਤਣਾਅਪੂਰਨ ਬਣ ਗਈ ਹੈ। ਪ੍ਰਾਰੰਭਿਕ ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਮੰਦਰ ਵਿੱਚ ਮੱਥਾ ਟੇਕ ਕੇ ਬਾਹਰ ਨਿਕਲ ਰਿਹਾ ਸੀ, ਜਦੋਂ ਕੁਝ ਪ੍ਰਵਾਸੀ ਮਜ਼ਦੂਰਾਂ ਨੇ ਉਸਨੂੰ ਰਾਹ ਵਿੱਚ ਘੇਰ ਲਿਆ। ਦੋਸ਼ ਹੈ ਕਿ ਹਮਲਾਵਰਾਂ ਨੇ ਇਕੱਠੇ ਹੋ ਕੇ ਉਸ ‘ਤੇ ਚਾਕੂਆਂ ਨਾਲ ਲਗਾਤਾਰ ਵਾਰ ਕੀਤੇ।
ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖਲ, ਇਲਾਜ ਦੌਰਾਨ ਮੌਤ
ਹਮਲੇ ਤੋਂ ਬਾਅਦ ਸਿਮਰਨਜੀਤ ਸਿੰਘ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਤੁਰੰਤ ਮੁਹਾਲੀ ਦੇ ਫੋਰਟਿਸ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸਦੀ ਜਾਨ ਨਾ ਬਚ ਸਕੀ। ਨੌਜਵਾਨ ਦੀ ਮੌਤ ਦੀ ਖ਼ਬਰ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਗਮ ਅਤੇ ਗੁੱਸੇ ਦਾ ਮਾਹੌਲ ਬਣ ਗਿਆ।
ਪਰਿਵਾਰ ਵੱਲੋਂ ਹਸਪਤਾਲ ਬਾਹਰ ਪ੍ਰਦਰਸ਼ਨ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਗਟਾਇਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪ੍ਰਵਾਸੀਆਂ ਦੀ ਗੁੰਡਾਗਰਦੀ ਕਾਰਨ ਇਹ ਹਾਦਸਾ ਵਾਪਰਿਆ ਹੈ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ।
ਸੀਸੀਟੀਵੀ ਫੁਟੇਜ ਪੁਲਿਸ ਦੇ ਹੱਥ, ਜਾਂਚ ਤੇਜ਼
ਪੁਲਿਸ ਅਧਿਕਾਰੀਆਂ ਮੁਤਾਬਕ ਹਮਲੇ ਦੀ ਘਟਨਾ ਨੇੜਲੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ ਹੈ। ਫੁਟੇਜ ਕਬਜ਼ੇ ਵਿੱਚ ਲੈ ਕੇ ਦੋਸ਼ੀਆਂ ਦੀ ਪਛਾਣ ਦੀ ਕਾਰਵਾਈ ਜਾਰੀ ਹੈ। ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਮਾਹੌਲ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਨੂੰਨ ਅੱਗੇ ਲਿਆਂਦਾ ਜਾਵੇਗਾ।

