ਚੰਡੀਗੜ੍ਹ :- ਪਾਵਨ ਸਰੂਪਾਂ ਨਾਲ ਜੁੜੇ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਲਈ ਬਣਾਈ ਗਈ ਐੱਸਆਈਟੀ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਪਣਾ ਸਖ਼ਤ ਅਤੇ ਸਪਸ਼ਟ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਤੌਰ ’ਤੇ ਬਹੁਤ ਗੰਭੀਰ ਮਾਮਲੇ ਦੀ ਜਾਂਚ ਸਿਰਫ਼ ਉਹੀ ਅਧਿਕਾਰੀ ਕਰਨ ਜੋ ਅੰਮ੍ਰਿਤਧਾਰੀ ਹੋਣ ਅਤੇ ਜਿਨ੍ਹਾਂ ਨੂੰ ਸਿੱਖ ਰਹਿਤ-ਮਰਿਆਦਾ ਦੀ ਡੂੰਘੀ ਸਮਝ ਹੋਵੇ।
ਜਾਂਚ ਦੌਰਾਨ ਮਰਿਆਦਾ ਨਾਲ ਕੋਈ ਸਮਝੌਤਾ ਨਹੀਂ
ਜਥੇਦਾਰ ਗੜਗੱਜ ਨੇ ਜ਼ੋਰ ਦੇ ਕੇ ਕਿਹਾ ਕਿ ਪਾਵਨ ਸਰੂਪਾਂ ਨਾਲ ਸਬੰਧਤ ਹਰ ਮਾਮਲਾ ਸਿੱਖ ਸੰਗਤ ਦੀ ਆਸਥਾ ਨਾਲ ਜੁੜਿਆ ਹੁੰਦਾ ਹੈ, ਇਸ ਲਈ ਜਾਂਚ ਦੌਰਾਨ ਕਿਸੇ ਵੀ ਹਾਲਤ ਵਿੱਚ ਸਿੱਖ ਮਰਿਆਦਾ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਸਾਫ਼ ਕੀਤਾ ਕਿ ਜੇ ਜਾਂਚ ਸਹੀ ਰਾਹ ’ਤੇ ਅੱਗੇ ਵਧਾਉਣੀ ਹੈ ਤਾਂ ਧਾਰਮਿਕ ਸੰਵੇਦਨਸ਼ੀਲਤਾ ਨੂੰ ਪਹਿਲ ਦੇਣੀ ਲਾਜ਼ਮੀ ਹੈ।
ਹੋਲਾ ਮਹੱਲਾ ਸਬੰਧੀ ਸੰਗਤ ਲਈ ਸਖ਼ਤ ਹਦਾਇਤਾਂ
ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਆਉਂਦੇ ਹੋਲਾ ਮਹੱਲੇ ਨੂੰ ਲੈ ਕੇ ਸੰਗਤ ਲਈ ਵਿਸ਼ੇਸ਼ ਅਪੀਲ ਵੀ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਦੀ ਰਿਵਾਇਤ ਨਾਲ ਜੁੜਿਆ ਮਹਾਨ ਤਿਉਹਾਰ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਹੋਲੀ ਨਾਲ ਗਲਤ ਨਹੀਂ ਮਿਲਾਇਆ ਜਾਣਾ ਚਾਹੀਦਾ।
ਰੰਗਾਂ ’ਤੇ ਪੂਰਨ ਪਾਬੰਦੀ, ਉਲੰਘਣਾ ’ਤੇ ਕਾਰਵਾਈ
ਜਥੇਦਾਰ ਨੇ ਸਪਸ਼ਟ ਹੁਕਮ ਜਾਰੀ ਕਰਦਿਆਂ ਕਿਹਾ ਕਿ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ’ਤੇ ਨਾ ਤਾਂ ਰੰਗ ਲਿਆਉਣ ਦੀ ਆਗਿਆ ਹੋਵੇਗੀ, ਨਾ ਹੀ ਰੰਗ ਸੁੱਟਣ ਜਾਂ ਵੇਚਣ ਦੀ। ਉਨ੍ਹਾਂ ਆਖਿਆ ਕਿ ਕੋਈ ਵੀ ਸ਼ਰਧਾਲੂ ਕਿਸੇ ’ਤੇ ਰੰਗ ਨਹੀਂ ਪਾਏਗਾ। ਜੇਕਰ ਕੋਈ ਇਸ ਹੁਕਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਗੁਰੂ ਦੀ ਦਿੱਤੀ ਰਿਵਾਇਤ ਅਨੁਸਾਰ ਹੀ ਮਨਾਇਆ ਜਾਵੇ ਹੋਲਾ ਮਹੱਲਾ
ਜਥੇਦਾਰ ਗੜਗੱਜ ਨੇ ਅੰਤ ਵਿੱਚ ਕਿਹਾ ਕਿ ਹੋਲਾ ਮਹੱਲਾ ਉਹੀ ਰੂਪ ਧਾਰੇ ਜੋ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਕੌਮ ਨੂੰ ਬਖ਼ਸ਼ਿਆ ਗਿਆ ਸੀ। ਸੰਗਤ ਦੀ ਜ਼ਿੰਮੇਵਾਰੀ ਹੈ ਕਿ ਉਹ ਗੁਰੂ ਦੀ ਮਰਿਆਦਾ, ਇਤਿਹਾਸ ਅਤੇ ਪਵਿੱਤਰਤਾ ਦੀ ਰੱਖਿਆ ਕਰੇ

