ਚੰਡੀਗੜ੍ਹ :- ਪੰਜਾਬ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਅਪਰਾਧਿਕ ਗਤੀਵਿਧੀਆਂ ‘ਤੇ ਨਕੇਲ ਕੱਸਣ ਦੇ ਮੰਤਵ ਨਾਲ ਪੰਜਾਬ ਪੁਲਿਸ ਵੱਲੋਂ ਅੱਜ ਸਵੇਰੇ 8 ਵਜੇ ਤੋਂ ‘ਆਪ੍ਰੇਸ਼ਨ ਪ੍ਰਹਾਰ 2.0’ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਹ ਵਿਸ਼ੇਸ਼ ਆਪ੍ਰੇਸ਼ਨ ਲਗਾਤਾਰ 72 ਘੰਟਿਆਂ ਤੱਕ ਚੱਲੇਗਾ, ਜਿਸ ਦੌਰਾਨ ਰਾਜ ਭਰ ਵਿੱਚ ਚੌਕਸੀ ਤੇਜ਼ ਰਹੇਗੀ।
ਵਾਂਟਿਡ ਅਪਰਾਧੀਆਂ ‘ਤੇ ਕੇਂਦਰਿਤ ਰਹੇਗਾ ਆਪ੍ਰੇਸ਼ਨ
ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਸ ਮੁਹਿੰਮ ਦਾ ਮੁੱਖ ਨਿਸ਼ਾਨਾ ਉਹ ਅਪਰਾਧੀ ਹਨ, ਜੋ ਕਈ ਮਾਮਲਿਆਂ ਵਿੱਚ ਲੋੜੀਂਦੇ ਹਨ ਜਾਂ ਲੰਮੇ ਸਮੇਂ ਤੋਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇਸ ਲਈ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੀਨੀਅਰ ਅਧਿਕਾਰੀਆਂ ਨੂੰ ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਤਾਂ ਜੋ ਆਪ੍ਰੇਸ਼ਨ ਦੀ ਨਿਗਰਾਨੀ ਪ੍ਰਭਾਵਸ਼ਾਲੀ ਢੰਗ ਨਾਲ ਹੋ ਸਕੇ।
ਫੀਲਡ ‘ਚ ਤਾਇਨਾਤ 12 ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ
‘ਆਪ੍ਰੇਸ਼ਨ ਪ੍ਰਹਾਰ 2.0’ ਤਹਿਤ ਕਰੀਬ 12 ਹਜ਼ਾਰ ਪੁਲਿਸ ਮੁਲਾਜ਼ਮਾਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਹ ਸਾਰੇ ਕਰਮਚਾਰੀ ਵੱਖ-ਵੱਖ ਹੌਟ ਸਪਾਟ ਇਲਾਕਿਆਂ, ਨਾਕਾਬੰਦੀ ਪੁਆਇੰਟਾਂ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਤਾਇਨਾਤ ਰਹਿਣਗੇ।
ਡੀਜੀਪੀ ਗੌਰਵ ਯਾਦਵ ਦਾ ਸਪੱਸ਼ਟ ਸੰਦੇਸ਼
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਰਾਜ ਵਿੱਚ ਅਪਰਾਧੀਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਆਖਿਆ ਕਿ ਜੋ ਨੌਜਵਾਨ ਗਲਤ ਰਾਹ ‘ਤੇ ਚਲੇ ਗਏ ਹਨ, ਜੇ ਉਹ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਪੂਰਾ ਮੌਕਾ ਦਿੱਤਾ ਜਾਵੇਗਾ, ਪਰ ਕਾਨੂੰਨ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਪੈਸ਼ਲ ਰਣਨੀਤੀ ਤਹਿਤ ਤਿਆਰ ਕੀਤੀ ਗਈ ਹੌਟ ਸਪਾਟ ਲਿਸਟ
ਪੁਲਿਸ ਵੱਲੋਂ ਇਸ ਆਪ੍ਰੇਸ਼ਨ ਲਈ ਪਹਿਲਾਂ ਤੋਂ ਹੀ ਅਪਰਾਧੀਆਂ ਦੀ ਸੂਚੀ ਅਤੇ ਹੌਟ ਸਪਾਟ ਇਲਾਕਿਆਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਡਾਟਿਆਂ ਦੇ ਆਧਾਰ ‘ਤੇ ਹੀ ਛਾਪੇਮਾਰੀਆਂ, ਨਾਕਾਬੰਦੀਆਂ ਅਤੇ ਤਲਾਸ਼ੀਆਂ ਕੀਤੀਆਂ ਜਾ ਰਹੀਆਂ ਹਨ।
ਪਿਛਲਾ ਆਪ੍ਰੇਸ਼ਨ ਵੀ ਰਿਹਾ ਸੀ ਕਾਮਯਾਬ
ਜ਼ਿਕਰਯੋਗ ਹੈ ਕਿ ‘ਆਪ੍ਰੇਸ਼ਨ ਪ੍ਰਹਾਰ-1’ ਦੌਰਾਨ ਵੀ ਕੁਝ ਸ਼ਰਾਰਤੀ ਤੱਤਾਂ ਵੱਲੋਂ ਸੋਸ਼ਲ ਮੀਡੀਆ ‘ਤੇ ਗਲਤ ਜਾਣਕਾਰੀ ਫੈਲਾ ਕੇ ਮੁਹਿੰਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਸ ਦੇ ਬਾਵਜੂਦ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਸੀ।
ਹਾਈਕੋਰਟ ਦੀ ਸਖ਼ਤੀ ਅਤੇ ਵਿਰੋਧੀ ਧਿਰ ਦੇ ਸਵਾਲਾਂ ਵਿਚਕਾਰ ਅਹਿਮ ਆਪ੍ਰੇਸ਼ਨ
ਗੌਰਤਲਬ ਹੈ ਕਿ ਇਹ ਆਪ੍ਰੇਸ਼ਨ ਉਸ ਸਮੇਂ ਚਲਾਇਆ ਜਾ ਰਿਹਾ ਹੈ, ਜਦੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕਾਨੂੰਨ-ਵਿਵਸਥਾ ਨੂੰ ਲੈ ਕੇ ਸਰਕਾਰ ਤੋਂ ਜਵਾਬ ਮੰਗਿਆ ਜਾ ਚੁੱਕਾ ਹੈ। ਮੋਹਾਲੀ ਵਿੱਚ ਐੱਸਐੱਸਪੀ ਦਫ਼ਤਰ ਅਤੇ ਚੰਡੀਗੜ੍ਹ ਵਿੱਚ ‘ਆਪ’ ਆਗੂ ਦੀ ਹੱਤਿਆ ਦੇ ਮਾਮਲਿਆਂ ਵਿੱਚ ਮੁੱਖ ਮੁਲਜ਼ਮ ਅਜੇ ਵੀ ਫਰਾਰ ਹਨ, ਜਿਸਨੂੰ ਲੈ ਕੇ ਵਿਰੋਧੀ ਧਿਰ ਸਰਕਾਰ ‘ਤੇ ਨਿਸ਼ਾਨਾ ਸਾਧ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ‘ਆਪ੍ਰੇਸ਼ਨ ਪ੍ਰਹਾਰ 2.0’ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

