ਫਰੀਦਕੋਟ :- ਫਰੀਦਕੋਟ ਵਿੱਚ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਹੋਈ ਅਹਿਮ ਮੀਟਿੰਗ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ 9 ਫਰਵਰੀ ਨੂੰ ਐਸਐਸਪੀ ਦਫ਼ਤਰ ਦੇ ਘਿਰਾਓ ਦਾ ਐਲਾਨ ਮੁਲਤਵੀ ਕਰ ਦਿੱਤਾ ਹੈ। ਮੀਟਿੰਗ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਸਬੰਧਤ ਮਸਲਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਉਣ ਅਤੇ ਇੱਕ ਮਹੀਨੇ ਦੇ ਅੰਦਰ ਮਸਲਿਆਂ ਦੇ ਹੱਲ ਦਾ ਭਰੋਸਾ ਦਿੱਤਾ ਗਿਆ।
ਲੰਮੀ ਚਰਚਾ ਤੋਂ ਬਾਅਦ ਬਣੀ ਆਪਸੀ ਸਹਿਮਤੀ
ਅੱਜ ਹੋਈ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਨੀਆ ਅਤੇ ਸੂਬਾ ਪੱਧਰੀ ਆਗੂ ਕਾਕਾ ਸਿੰਘ ਕੋਟੜਾ ਸ਼ਾਮਲ ਹੋਏ। ਦੋਹਾਂ ਧਿਰਾਂ ਵਿਚਕਾਰ ਲੰਮੇ ਸਮੇਂ ਤੱਕ ਚੱਲੀ ਗੱਲਬਾਤ ਤੋਂ ਬਾਅਦ ਮਾਮਲਿਆਂ ਨੂੰ ਗੰਭੀਰਤਾ ਨਾਲ ਨਿਪਟਾਉਣ ’ਤੇ ਸਹਿਮਤੀ ਬਣੀ।
ਕਿਸਾਨ ਮਸਲਿਆਂ ਨੂੰ ਲੈ ਕੇ ਚੱਲ ਰਿਹਾ ਸੀ ਸੰਘਰਸ਼
ਜਾਣਕਾਰੀ ਮੁਤਾਬਕ ਫਰੀਦਕੋਟ ਦੇ ਪਿੰਡ ਫਿੱਡੇ ਕਲਾਂ, ਮੁਮਾਰਾ ਸਮੇਤ ਹੋਰ ਇਲਾਕਿਆਂ ਵਿੱਚ ਕਿਸਾਨਾਂ ਨਾਲ ਜੁੜੇ ਮਸਲਿਆਂ ’ਤੇ ਪੁਲਿਸ ਵੱਲੋਂ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਜਥੇਬੰਦੀ ਪਿਛਲੇ ਕੁਝ ਦਿਨਾਂ ਤੋਂ ਸੰਘਰਸ਼ ਕਰ ਰਹੀ ਸੀ। ਇਸ ਤਹਿਤ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਵੱਖ-ਵੱਖ ਪਿੰਡਾਂ ਵਿੱਚ ਐਸਐਸਪੀ ਦੇ ਪੁਤਲੇ ਵੀ ਫੂਕੇ ਗਏ ਸਨ।
ਪੁਲਿਸ ਅਧਿਕਾਰੀਆਂ ਨਾਲ ਹੋਈ ਅਹਿਮ ਮੀਟਿੰਗ
ਕਿਸਾਨ ਜਥੇਬੰਦੀ ਵੱਲੋਂ 9 ਫਰਵਰੀ ਨੂੰ ਘਿਰਾਓ ਦੇ ਐਲਾਨ ਤੋਂ ਬਾਅਦ ਅੱਜ ਜ਼ਿਲ੍ਹਾ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਆਗੂਆਂ ਨਾਲ ਮੀਟਿੰਗ ਕੀਤੀ। ਇਸ ਵਿੱਚ ਐਸਪੀ ਡੀ ਜੋਗੇਸ਼ਵਰ ਸਿੰਘ ਗੁਰਾਇਆ, ਡੀਐਸਪੀ ਕੋਟਕਪੂਰਾ ਸੰਜੀਵ ਕੁਮਾਰ ਅਤੇ ਡੀਐਸਪੀ ਜੈਤੋ ਇਕਬਾਲ ਸਿੰਘ ਸੰਧੂ ਵੀ ਮੌਜੂਦ ਰਹੇ।
ਭਰੋਸੇ ਦੇ ਆਧਾਰ ’ਤੇ ਪ੍ਰੋਗਰਾਮ ਮੁਲਤਵੀ
ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਵੱਲੋਂ ਦਿੱਤੇ ਗਏ ਭਰੋਸੇ ਦੇ ਚਲਦਿਆਂ 9 ਫਰਵਰੀ ਦਾ ਘਿਰਾਓ ਪ੍ਰੋਗਰਾਮ ਅਜੇ ਲਈ ਮੁਲਤਵੀ ਕੀਤਾ ਗਿਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਨਿਰਧਾਰਿਤ ਸਮੇਂ ਵਿੱਚ ਮੰਗਾਂ ਦਾ ਹੱਲ ਨਾ ਹੋਇਆ ਤਾਂ ਜਥੇਬੰਦੀ ਮੁੜ ਸੰਘਰਸ਼ ਦਾ ਰਾਹ ਅਪਣਾਉਣ ਤੋਂ ਹਿਚਕਿਚਾਏਗੀ ਨਹੀਂ।
ਬਾਕੀ ਮਸਲਿਆਂ ’ਤੇ ਵੀ ਜਲਦ ਕਾਰਵਾਈ ਦਾ ਦਾਅਵਾ
ਉੱਧਰ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਜ਼ਿਆਦਾਤਰ ਮਸਲੇ ਪਹਿਲਾਂ ਹੀ ਹੱਲ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਮਾਮਲਿਆਂ ’ਤੇ ਵੀ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਜਲਦ ਕਾਰਵਾਈ ਕੀਤੀ ਜਾਵੇਗੀ।

