ਡੋਵਾਲ–ਡ੍ਰੋਇਨ ਮੀਟਿੰਗ ’ਚ ਸਾਂਝੀ ਕਾਰਜ ਯੋਜਨਾ ’ਤੇ ਸਹਿਮਤੀ
ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਉਨ੍ਹਾਂ ਦੀ ਕੈਨੇਡੀਅਨ ਹਮਰੁਤਬਾ ਨਥਾਲੀ ਡ੍ਰੋਇਨ ਦਰਮਿਆਨ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ। ਵਿਦੇਸ਼ ਮੰਤਰਾਲੇ ਮੁਤਾਬਕ ਦੋਵੇਂ ਦੇਸ਼ਾਂ ਨੇ ਰਾਸ਼ਟਰੀ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਵਾਲੇ ਮਸਲਿਆਂ ’ਤੇ ਸਹਿਯੋਗ ਲਈ ਇੱਕ ਸਾਂਝੀ ਕਾਰਜ ਯੋਜਨਾ ਤਿਆਰ ਕਰਨ ’ਤੇ ਸਹਿਮਤੀ ਜਤਾਈ ਹੈ।
ਅੰਤਰ-ਰਾਸ਼ਟਰੀ ਅਪਰਾਧਿਕ ਨੈੱਟਵਰਕ ਨਿਸ਼ਾਨੇ ’ਤੇ
ਮੀਟਿੰਗ ਦੌਰਾਨ ਇਹ ਵੀ ਤੈਅ ਹੋਇਆ ਕਿ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ, ਅੰਤਰ-ਰਾਸ਼ਟਰੀ ਸੰਗਠਿਤ ਅਪਰਾਧਿਕ ਗਿਰੋਹਾਂ ਅਤੇ ਹੋਰ ਸੁਰੱਖਿਆ ਸੰਬੰਧੀ ਚੁਣੌਤੀਆਂ ਨੂੰ ਨੱਥ ਪਾਉਣ ਲਈ ਵਿਹਾਰਕ ਅਤੇ ਜ਼ਮੀਨੀ ਸਹਿਯੋਗ ਵਧਾਇਆ ਜਾਵੇਗਾ। ਦੋਵਾਂ ਦੇਸ਼ ਆਪਸੀ ਚਿੰਤਾ ਵਾਲੇ ਮੁੱਦਿਆਂ ’ਤੇ ਸਮੇਂ ਸਿਰ ਜਾਣਕਾਰੀ ਸਾਂਝੀ ਕਰਨਗੇ।
ਹਰੇਕ ਦੇਸ਼ ਵੱਲੋਂ ਸੰਪਰਕ ਅਧਿਕਾਰੀ ਨਿਯੁਕਤ ਕਰਨ ਦਾ ਫੈਸਲਾ
ਵਿਦੇਸ਼ ਮੰਤਰਾਲੇ ਦੇ ਬਿਆਨ ਅਨੁਸਾਰ, ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਭਾਰਤ ਅਤੇ ਕੈਨੇਡਾ ਆਪਣਾ-ਆਪਣਾ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਵਾਲਾ ਸੰਪਰਕ ਅਧਿਕਾਰੀ ਨਿਯੁਕਤ ਕਰਨਗੇ। ਨਾਲ ਹੀ ਦੋਵਾਂ ਪਾਸਿਆਂ ਦੀਆਂ ਏਜੰਸੀਆਂ ਵਿਚਕਾਰ ਕਾਰਜਸ਼ੀਲ ਸਬੰਧ ਹੋਰ ਮਜ਼ਬੂਤ ਕੀਤੇ ਜਾਣਗੇ।
ਸਾਈਬਰ ਸੁਰੱਖਿਆ ’ਚ ਵੀ ਗਹਿਰਾ ਸਹਿਯੋਗ
ਦੋਵੇਂ ਦੇਸ਼ਾਂ ਨੇ ਸਾਈਬਰ ਸੁਰੱਖਿਆ ਨੀਤੀ ਅਤੇ ਸਾਈਬਰ ਖ਼ਤਰਿਆਂ ਨਾਲ ਨਜਿੱਠਣ ਸਬੰਧੀ ਜਾਣਕਾਰੀ ਸਾਂਝੀ ਕਰਨ ਨੂੰ ਰਸਮੀ ਰੂਪ ਦੇਣ ’ਤੇ ਵੀ ਸਹਿਮਤੀ ਜਤਾਈ ਹੈ। ਇਸ ਨਾਲ ਸਾਈਬਰ ਅਪਰਾਧ, ਆਨਲਾਈਨ ਧੋਖਾਧੜੀ ਅਤੇ ਡਿਜ਼ੀਟਲ ਸੁਰੱਖਿਆ ਨਾਲ ਜੁੜੇ ਮਸਲਿਆਂ ’ਤੇ ਮਿਲ ਕੇ ਕਾਰਵਾਈ ਕਰਨ ਦਾ ਰਾਹ ਖੁੱਲੇਗਾ।
ਕੂਟਨੀਤਕ ਤਣਾਅ ਤੋਂ ਬਾਅਦ ਰਿਸ਼ਤਿਆਂ ਨੂੰ ਆਮ ਕਰਨ ਦੀ ਕੋਸ਼ਿਸ਼
ਇਸ ਪਹਲ ਨੂੰ 2023 ਵਿੱਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਪੈਦਾ ਹੋਏ ਕੂਟਨੀਤਕ ਤਣਾਅ ਤੋਂ ਉੱਪਰ ਉੱਠ ਕੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮੁੜ ਪਟੜੀ ’ਤੇ ਲਿਆਂਦੇ ਜਾਣ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੀ ਤਿਆਰੀ
ਐਨਐਸਏ ਅਜੀਤ ਡੋਵਾਲ ਦੀ ਓਟਾਵਾ ਫੇਰੀ ਅਜਿਹੇ ਸਮੇਂ ਹੋਈ ਹੈ, ਜਦੋਂ ਅਗਲੇ ਮਹੀਨੇ ਦੀ ਸ਼ੁਰੂਆਤ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਭਾਰਤ ਯਾਤਰਾ ਦੀ ਸੰਭਾਵਨਾ ’ਤੇ ਤਿਆਰੀਆਂ ਚੱਲ ਰਹੀਆਂ ਹਨ। ਮਾਹਿਰਾਂ ਮੁਤਾਬਕ ਇਹ ਸੁਰੱਖਿਆ ਸਹਿਮਤੀ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਨਵਾਂ ਭਰੋਸਾ ਪੈਦਾ ਕਰ ਸਕਦੀ ਹੈ।
ਇਸ ਤਾਜ਼ਾ ਕਦਮ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਰਤ ਅਤੇ ਕੈਨੇਡਾ ਦੇਸ਼ ਵਿਰੋਧੀ ਗਤੀਵਿਧੀਆਂ, ਅਪਰਾਧਿਕ ਨੈੱਟਵਰਕਾਂ ਅਤੇ ਸੁਰੱਖਿਆ ਖ਼ਤਰਿਆਂ ਖ਼ਿਲਾਫ਼ ਇਕੱਠੇ ਖੜ੍ਹੇ ਹੋਣ ਲਈ ਤਿਆਰ ਹਨ।