ਬੀਬੀਐਮਬੀ ਦੇ ਚੇਅਰਮੈਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਪੌਂਗ ਅਤੇ ਭਾਖੜਾ ਡੈਮਾਂ ਦੀ ਸਥਿਤੀ ਬਾਰੇ ਵਿਸਥਾਰ ਦਿੱਤਾ। ਉਨ੍ਹਾਂ ਦੱਸਿਆ ਕਿ ਪੌਂਗ ਡੈਮ ਵਿੱਚ ਹਾਲ ਹੀ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਰੋਜ਼ਾਨਾ 50 ਹਜ਼ਾਰ ਤੋਂ 2 ਲੱਖ ਕੁਸੈਕ ਤੱਕ ਪਾਣੀ ਆ ਰਿਹਾ ਸੀ। ਟੈਕਨੀਕਲ ਕਮੇਟੀ ਦੀ ਸਲਾਹ ‘ਤੇ ਦਿਨਾਂ-ਦਿਨ 50 ਹਜ਼ਾਰ ਕੁਸੈਕ ਪਾਣੀ ਰਿਲੀਜ਼ ਕੀਤਾ ਗਿਆ। ਭਾਖੜਾ ਡੈਮ ਵਿੱਚ ਪਾਣੀ ਸਟੋਰ ਕਰਨ ਲਈ ਕਾਫ਼ੀ ਸਮਰੱਥਾ ਹੈ, ਇਸ ਲਈ ਕਿਸੇ ਵੀ ਖ਼ਤਰੇ ਦੀ ਸਥਿਤੀ ਨਹੀਂ।
CISF ਤਾਇਨਾਤੀ ‘ਤੇ ਰਾਜ ਸਰਕਾਰ ਨਾਲ ਤਕਰਾਰ
CISF ਸੁਰੱਖਿਆ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ CISF ਲਗਾਉਣ ਲਈ ਸਹਿਮਤੀ ਦਿੱਤੀ ਸੀ, ਪਰ ਤਾਇਨਾਤੀ ਤੋਂ ਬਾਅਦ ਵਿਰੋਧ ਕਰ ਦਿੱਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ “ਕਦੇ ਹਾਂ, ਕਦੇ ਨਾ” ਵਾਲਾ ਰਵੱਈਆ ਪ੍ਰੋਜੈਕਟਾਂ ਲਈ ਠੀਕ ਨਹੀਂ। 2023 ਤੋਂ ਬੀਬੀਐਮਬੀ ਦੇ ਕਈ ਪ੍ਰੋਜੈਕਟਾਂ ‘ਤੇ CISF ਤਾਇਨਾਤ ਹੈ, ਜਿਵੇਂ ਦੇਸ਼ ਦੇ ਨਿਊਕਲੀਅਰ ਪਲਾਂਟ ਅਤੇ ਉੱਚ ਸੁਰੱਖਿਆ ਵਾਲੇ ਸਥਾਨਾਂ ‘ਤੇ ਹੁੰਦੀ ਹੈ।
ਹਾਈਬ੍ਰਿਡ ਸੁਰੱਖਿਆ ਮਾਡਲ ਲਾਗੂ ਕਰਨ ਦੀ ਯੋਜਨਾ
ਚੇਅਰਮੈਨ ਨੇ ਸਪਸ਼ਟ ਕੀਤਾ ਕਿ ਨਵੇਂ ਹਾਈਬ੍ਰਿਡ ਮਾਡਲ ਤਹਿਤ ਪੰਜਾਬ ਪੁਲਿਸ ਅਤੇ CISF ਮਿਲ ਕੇ ਸੁਰੱਖਿਆ ਸੰਭਾਲਣਗੀਆਂ। ਪੰਜਾਬ ਪੁਲਿਸ ਨੂੰ ਹਟਾਇਆ ਨਹੀਂ ਜਾਵੇਗਾ। ਰਾਜ ਸਰਕਾਰ ਦੀ ਬੇਨਤੀ ਅਨੁਸਾਰ ਖਰਚੇ ਵਿੱਚ ਕਮੀ ਲਈ ਯਤਨ ਕੀਤੇ ਜਾ ਰਹੇ ਹਨ। ਇਸ ਮਾਡਲ ਨਾਲ ਖਰਚਾ ਕੇਵਲ 25% ਵਧੇਗਾ, ਪਰ ਰਾਜਾਂ ਨੂੰ ਵਾਧੂ ਲਾਭ ਮਿਲੇਗਾ।
ਹੜਾਂ ਤੋਂ ਬਚਾਅ ਅਤੇ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ
ਉਨ੍ਹਾਂ ਦੱਸਿਆ ਕਿ ਪਿਛਲੇ ਡੇਢ-ਦੋ ਮਹੀਨਿਆਂ ਵਿੱਚ ਬੀਬੀਐਮਬੀ ਨੇ ਪੰਜਾਬ ਨੂੰ ਕਈ ਵਾਰ ਹੜਾਂ ਤੋਂ ਬਚਾਇਆ ਹੈ। ਹਿਮਾਚਲ ਨਾਲ ਪੰਪ ਸਟੋਰੇਜ ਪ੍ਰੋਜੈਕਟ ਲਈ MOU ਸਾਈਨ ਹੋਇਆ ਹੈ, ਜਿਸ ਦੇ ਤਹਿਤ 13,000 ਮੈਗਾਵਾਟ ਸਮਰੱਥਾ ਵਾਲੇ 8 ਪ੍ਰੋਜੈਕਟ ਲਗਾਏ ਜਾਣਗੇ। ਇਸ ਵਿੱਚ 1,500 ਅਤੇ 2,800 ਮੈਗਾਵਾਟ ਦੇ ਪ੍ਰੋਜੈਕਟ ਅਗਸਤ ਤੋਂ ਸ਼ੁਰੂ ਹੋਣਗੇ।
ਬੋਰਡ ਦਾ ਫੈਸਲਾ, ਸਿਰਫ਼ ਬੀਬੀਐਮਬੀ ਦਾ ਨਹੀਂ
ਚੇਅਰਮੈਨ ਨੇ ਕਿਹਾ ਕਿ CISF ਤਾਇਨਾਤ ਕਰਨ ਦਾ ਫੈਸਲਾ ਬੀਬੀਐਮਬੀ ਬੋਰਡ ਨੇ ਲਿਆ ਸੀ, ਨਾ ਕਿ ਸਿਰਫ਼ ਬੀਬੀਐਮਬੀ ਨੇ। ਬਿਆਸ-ਸਤਲੁਜ ਪ੍ਰੋਜੈਕਟ ‘ਤੇ ਪਹਿਲਾਂ ਤੋਂ CISF ਹੈ, ਜਦਕਿ ਗੰਗੂਵਾਲ ਅਤੇ ਕੋਟਲਾ ‘ਚ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੇ ਹੱਥ ਰਹੇਗੀ।