ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਸੁਖਵੀਰ ਸਿੰਘ ਵੱਲੋਂ ਧੂਰੀ ਸ਼ਹਿਰ ਨੂੰ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਦੀ ਦਿਸ਼ਾ ਵਿੱਚ ਅੱਜ ਇੱਕ ਵੱਡੀ ਪਹਿਲ ਕਰਦਿਆਂ ਕਰੀਬ ਸਵਾ ਚਾਰ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਨੀਂਹ ਰੱਖੀ ਗਈ। ਇਹ ਸਾਰੇ ਪ੍ਰੋਜੈਕਟ ਪੰਜਾਬ ਸਰਕਾਰ ਦੀ ਉਸ ਨੀਤੀ ਦਾ ਹਿੱਸਾ ਹਨ, ਜਿਸ ਤਹਿਤ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
80 ਹਜ਼ਾਰ ਵਰਗ ਫੁੱਟ ਵਿੱਚ ਟਾਈਲਾਂ, ਆਧੁਨਿਕ ਲਾਈਟਿੰਗ ਨਾਲ ਨਵੀਂ ਦਿੱਖ
ਵਾਰਡ ਨੰਬਰ 9 ਵਿੱਚ ਸੰਗਰੂਰ ਪਾਸੇ ਤੋਂ ਧੂਰੀ ਦੇ ਮੁੱਖ ਦਾਖਲਾ ਮਾਰਗ ਦੇ ਸੁੰਦਰੀਕਰਨ ਲਈ 2 ਕਰੋੜ 15 ਲੱਖ ਰੁਪਏ ਦੀ ਲਾਗਤ ਨਾਲ ਕੰਮ ਸ਼ੁਰੂ ਕਰਵਾਉਂਦਿਆਂ ਓਐਸਡੀ ਸੁਖਵੀਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਲਗਭਗ 80 ਹਜ਼ਾਰ ਵਰਗ ਫੁੱਟ ਖੇਤਰ ਵਿੱਚ ਉੱਚ ਗੁਣਵੱਤਾ ਵਾਲੀਆਂ ਟਾਈਲਾਂ ਲਗਾਈਆਂ ਜਾਣਗੀਆਂ।
ਇਸ ਦੇ ਨਾਲ 19 ਸਿੰਗਲ ਬ੍ਰੈਕਟ ਅਤੇ 12 ਡਬਲ ਬ੍ਰੈਕਟ ਪੋਲ ਲਗਾ ਕੇ ਸ਼ਹਿਰ ਦੀ ਦਿੱਖ ਨੂੰ ਹੋਰ ਆਕਰਸ਼ਕ ਬਣਾਇਆ ਜਾਵੇਗਾ।
ਪਾਮ ਦੇ ਦਰੱਖਤ ਅਤੇ ਖ਼ਾਸ ਲਾਈਟਿੰਗ ਨਾਲ ਰਾਤ ਦੀ ਖ਼ੂਬਸੂਰਤੀ ਵਧੇਗੀ
ਉਨ੍ਹਾਂ ਦੱਸਿਆ ਕਿ ਐਂਟਰੀ ਪੁਆਇੰਟ ‘ਤੇ ਪਾਮ ਦੇ ਦਰੱਖਤ ਲਗਾਏ ਜਾਣਗੇ, ਜਿਨ੍ਹਾਂ ਨੂੰ ਉਭਾਰਨ ਲਈ ਕਰੀਬ 40 ਖ਼ਾਸ ਲਾਈਟਾਂ ਲਗਾਈਆਂ ਜਾਣਗੀਆਂ। ਇਸ ਨਾਲ ਰਾਤ ਦੇ ਸਮੇਂ ਧੂਰੀ ਵਿੱਚ ਦਾਖ਼ਲ ਹੋਣ ਵਾਲਿਆਂ ਨੂੰ ਸ਼ਹਿਰ ਦੀ ਸੁਹਾਵਣੀ ਅਤੇ ਆਧੁਨਿਕ ਤਸਵੀਰ ਨਜ਼ਰ ਆਵੇਗੀ। ਇਸ ਤੋਂ ਇਲਾਵਾ 67 ਲੱਖ ਰੁਪਏ ਦੀ ਲਾਗਤ ਨਾਲ ਆਈ.ਟੀ.ਆਈ. ਸੜਕ ਦੀ ਤਿਆਰੀ ਵੀ ਕੀਤੀ ਜਾਵੇਗੀ।
ਵਾਰਡ ਨੰਬਰ 4 ਵਿੱਚ 1.35 ਕਰੋੜ ਦੇ ਹੋਰ ਵਿਕਾਸ ਕੰਮ
ਇਸ ਮੌਕੇ ਵਾਰਡ ਨੰਬਰ 4 ਵਿੱਚ ਵੀ ਕਰੀਬ 1 ਕਰੋੜ 35 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਵਿੱਚ ਗੋਲ ਪਾਰਕ ਨੇੜੇ ਅਤੇ ਸਿਲਾਈ ਕੇਂਦਰ ਵਾਲੇ ਇਲਾਕੇ ਵਿੱਚ ਇੰਟਰਲਾਕਿੰਗ ਟਾਈਲਾਂ, ਪੀ.ਵੀ.ਸੀ. ਪਾਈਪਾਂ ਦੀ ਸਥਾਪਨਾ ਅਤੇ ਗਲੀਆਂ-ਨਾਲੀਆਂ ਦੇ ਨਵੀਨੀਕਰਨ ਦੇ ਕੰਮ ਸ਼ਾਮਲ ਹਨ, ਜਿਸ ਨਾਲ ਇਲਾਕੇ ਦੀ ਸਫ਼ਾਈ ਅਤੇ ਆਵਾਜਾਈ ਪ੍ਰਣਾਲੀ ਵਿੱਚ ਸੁਧਾਰ ਆਵੇਗਾ।
ਧੂਰੀ ਵਾਸੀਆਂ ਦੀ ਵੱਡੀ ਮੰਗ ਆਰਓਬੀ ਵੀ ਜਲਦ ਹੋਵੇਗਾ ਸ਼ੁਰੂ
ਸੁਖਵੀਰ ਸਿੰਘ ਨੇ ਕਿਹਾ ਕਿ ਧੂਰੀ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਰੇਲਵੇ ਓਵਰ ਬ੍ਰਿਜ ਦਾ ਟੈਂਡਰ ਹੋ ਚੁੱਕਾ ਹੈ ਅਤੇ ਬਹੁਤ ਜਲਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ 54 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਆਰਓਬੀ ਦੇ ਕੰਮ ਦੀ ਸ਼ੁਰੂਆਤ ਕਰਵਾਉਣਗੇ। ਇਸ ਨਾਲ ਸ਼ਹਿਰ ਦੀ ਟਰੈਫਿਕ ਸਮੱਸਿਆ ਨੂੰ ਵੱਡੀ ਰਾਹਤ ਮਿਲੇਗੀ।
ਸਮਾਜਿਕ ਸਮਾਗਮ ਵਿੱਚ ਵੀ ਰਹੀ ਸ਼ਿਰਕਤ
ਇਸ ਤੋਂ ਪਹਿਲਾਂ ਓਐਸਡੀ ਸੁਖਵੀਰ ਸਿੰਘ ਤ੍ਰਿਮੂਰਤੀ ਸ਼ਿਵ ਜਯੰਤੀ ਮਹਾਂਉਤਸਵ ਮੌਕੇ ਸਨਾਤਨ ਧਰਮ ਸਭਾ ਵੱਲੋਂ ਆਯੋਜਿਤ ਸਮਾਗਮ ਵਿੱਚ ਵੀ ਸ਼ਾਮਲ ਹੋਏ। ਇਸ ਮੌਕੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਪੰਜਾਬ ਵਕ਼ਫ਼ ਬੋਰਡ ਮੈਂਬਰ ਡਾ. ਅਨਵਰ ਭਸੌੜ ਸਮੇਤ ਕਈ ਰਾਜਨੀਤਿਕ, ਸਮਾਜਿਕ ਆਗੂ ਅਤੇ ਵੱਡੀ ਗਿਣਤੀ ਵਿੱਚ ਧੂਰੀ ਵਾਸੀ ਹਾਜ਼ਰ ਸਨ।

