ਚੰਡੀਗੜ੍ਹ :- ਪੰਜਾਬ ਪੁਲਿਸ ਨੇ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਸੁਚੱਜੇ ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 11 ਕਿਲੋਗ੍ਰਾਮ ਹੈਰੋਇਨ ਅਤੇ 5.75 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ
ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਕਾਸਿਮਪੁਰ ਵਾਸੀ ਮੁਹੰਮਦ ਵਸੀਮ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਰਸ਼ਦੀਪ ਸਿੰਘ ਉਰਫ਼ ਹਰਸ਼ ਵਜੋਂ ਹੋਈ ਹੈ। ਦੋਵਾਂ ਮੁਲਜ਼ਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸਰਗਰਮ ਦੱਸੇ ਜਾ ਰਹੇ ਹਨ।
ਦੋ ਕਾਰਾਂ ਵੀ ਪੁਲਿਸ ਨੇ ਕੀਤੀਆਂ ਜ਼ਬਤ
ਕਾਰਵਾਈ ਦੌਰਾਨ ਪੁਲਿਸ ਨੇ ਹੈਰੋਇਨ ਅਤੇ ਨਕਦੀ ਤੋਂ ਇਲਾਵਾ ਦੋ ਕਾਰਾਂ ਵੀ ਜ਼ਬਤ ਕੀਤੀਆਂ ਹਨ। ਇਨ੍ਹਾਂ ਵਿੱਚ ਇੱਕ ਸਫੈਦ ਹੌਂਡਾ ਸਿਟੀ ਅਤੇ ਇੱਕ ਹੁੰਡਈ ਵਰਨਾ ਕਾਰ ਸ਼ਾਮਲ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ਵਾਹਨ ਨਸ਼ਿਆਂ ਦੀ ਆਵਾਜਾਈ ਲਈ ਵਰਤੇ ਜਾ ਰਹੇ ਸਨ।
ਪਿੰਡ ਚਿੱਟੀ ਨੇੜੇ ਫੜਿਆ ਗਿਆ ਹਰਸ਼ਦੀਪ
ਗੁਰਦਾਸਪੁਰ ਦੇ ਸੀਨੀਅਰ ਪੁਲਿਸ ਅਧਿਕਾਰੀ ਅਦਿਤਿਆ ਨੇ ਦੱਸਿਆ ਕਿ ਖੁਫ਼ੀਆ ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਪਿੰਡ ਚਿੱਟੀ ਦੇ ਨੇੜੇ ਨਾਕਾਬੰਦੀ ਕਰਕੇ ਹਰਸ਼ਦੀਪ ਉਰਫ਼ ਹਰਸ਼ ਨੂੰ ਕਾਬੂ ਕੀਤਾ। ਉਸ ਦੀ ਵਰਨਾ ਕਾਰ ਦੀ ਤਲਾਸ਼ੀ ਦੌਰਾਨ 8 ਕਿਲੋਗ੍ਰਾਮ ਹੈਰੋਇਨ ਅਤੇ 3.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਮੁਲਜ਼ਮ ਇਹ ਖੇਪ ਅੱਗੇ ਸਪਲਾਈ ਕਰਨ ਜਾ ਰਿਹਾ ਸੀ।
ਦੀਨਾਨਗਰ ’ਚ ਦੂਜਾ ਮੁਲਜ਼ਮ ਨਾਕੇ ਤੋਂ ਫੜਿਆ
ਇੱਕ ਹੋਰ ਵੱਖਰੀ ਕਾਰਵਾਈ ਵਿੱਚ ਪੁਲਿਸ ਨੇ ਦੀਨਾਨਗਰ ਦੇ ਪਨਿਆੜ ਸ਼ੁਗਰ ਮਿਲ ਨੇੜੇ ਨਾਕੇ ਦੌਰਾਨ ਮੁਹੰਮਦ ਵਸੀਮ ਨੂੰ ਗ੍ਰਿਫ਼ਤਾਰ ਕੀਤਾ। ਉਸ ਦੀ ਹੌਂਡਾ ਸਿਟੀ ਕਾਰ ਵਿੱਚੋਂ ਤਲਾਸ਼ੀ ਦੌਰਾਨ ਤਿੰਨ ਕਿਲੋਗ੍ਰਾਮ ਹੈਰੋਇਨ, ਜੋ ਛੇ ਪੈਕੇਟਾਂ ਵਿੱਚ ਲੁਕਾਈ ਹੋਈ ਸੀ, ਅਤੇ 2.25 ਲੱਖ ਰੁਪਏ ਦੀ ਡਰੱਗ ਮਨੀ ਮਿਲੀ।
ਪਾਕਿਸਤਾਨੀ ਹੈਂਡਲਰਾਂ ਨਾਲ ਸੰਪਰਕਾਂ ਦੀ ਜਾਂਚ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਭਾਰਤ ਵਿੱਚ ਮੌਜੂਦ ਆਪਣੇ ਸੰਪਰਕਾਂ ਰਾਹੀਂ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਨਾਲ ਜੁੜੇ ਹੋਏ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪੂਰੇ ਨੈੱਟਵਰਕ ਦੀਆਂ ਅੱਗੇ-ਪਿੱਛੇ ਕੜੀਆਂ ਖੰਗਾਲੀਆਂ ਜਾ ਰਹੀਆਂ ਹਨ।
ਹੋਰ ਗ੍ਰਿਫ਼ਤਾਰੀਆਂ ਦੇ ਆਸਾਰ
ਗੁਰਦਾਸਪੁਰ ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ ਅਤੇ ਨਸ਼ਾ ਤਸਕਰੀ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਕੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ

