ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਫਿਲਹਾਲ ਸਾਫ਼ ਬਣਿਆ ਹੋਇਆ ਹੈ। ਮੌਸਮ ਵਿਭਾਗ ਵੱਲੋਂ ਮੀਂਹ ਜਾਂ ਧੁੰਦ ਨੂੰ ਲੈ ਕੇ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਹਾਲਾਂਕਿ ਦਿਨ ਦੇ ਸਮੇਂ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਧੁੱਪ ਨਿਕਲਣ ਦੇ ਬਾਵਜੂਦ ਠੰਢ ਦਾ ਅਹਿਸਾਸ ਬਣਿਆ ਰਹੇਗਾ।
ਤਾਪਮਾਨ ਵਿੱਚ ਹਲਕਾ ਵਾਧਾ ਦਰਜ
ਮੌਸਮ ਵਿਗਿਆਨ ਕੇਂਦਰ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕਰੀਬ 0.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਦਿਨ ਵੇਲੇ ਧੁੱਪ ਤੇਜ਼ ਰਹੀ ਪਰ ਹਵਾਵਾਂ ਨੇ ਮੌਸਮ ਨੂੰ ਠੰਡਾ ਬਣਾਈ ਰੱਖਿਆ।
ਰਾਤਾਂ ਵੀ ਹੁਣ ਹੌਲੀ-ਹੌਲੀ ਗਰਮ ਹੋ ਰਹੀਆਂ
ਰਾਤ ਦੇ ਤਾਪਮਾਨ ਵਿੱਚ ਵੀ ਹੁਣ ਵਾਧੇ ਦੇ ਸੰਕੇਤ ਮਿਲ ਰਹੇ ਹਨ। ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਪਹਿਲਾਂ ਹੀ ਇਸ਼ਾਰਾ ਕਰ ਚੁੱਕਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਠੰਢ ਦੀ ਤੀਬਰਤਾ ਹੌਲੀ-ਹੌਲੀ ਘਟੇਗੀ।
15 ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦਾ ਅਸਰ
ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ, ਰੂਪਨਗਰ, ਮੋਹਾਲੀ ਅਤੇ ਪਟਿਆਲਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਵਗ ਰਹੀਆਂ ਹਨ। ਇਹ ਹਵਾਵਾਂ ਅਗਲੇ ਦੋ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਅਗਲੇ ਸੱਤ ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਪੰਜਾਬ ਵਿੱਚ ਅਗਲੇ ਸੱਤ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਅਗਲੇ ਦੋ ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਵੱਡਾ ਬਦਲਾਅ ਨਹੀਂ ਆਵੇਗਾ, ਪਰ ਇਸ ਤੋਂ ਬਾਅਦ ਇਹ 2 ਤੋਂ 4 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ। ਇਸ ਦੇ ਨਾਲ ਹੀ ਕੁਝ ਇਲਾਕਿਆਂ ਵਿੱਚ ਅਗਲੇ ਦੋ ਦਿਨਾਂ ਤੱਕ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਜਤਾਈ ਗਈ ਹੈ।

