ਜਲੰਧਰ :- ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿੱਚ 6 ਫਰਵਰੀ ਦੀ ਸਵੇਰ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਆਮ ਆਦਮੀ ਪਾਰਟੀ ਦੇ ਨੇਤਾ ਲੱਕੀ ਓਬਰਾਏ ’ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਵਰਸਾ ਦਿੱਤੀਆਂ। ਜਾਣਕਾਰੀ ਮੁਤਾਬਕ ਓਬਰਾਏ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਉਪਰੰਤ ਜਿਵੇਂ ਹੀ ਆਪਣੀ ਥਾਰ ਗੱਡੀ ਵੱਲ ਵਧੇ, ਸਕੂਟਰ ’ਤੇ ਆਏ ਹਮਲਾਵਰਾਂ ਨੇ ਉਨ੍ਹਾਂ ’ਤੇ ਤਾਬੜਤੋੜ ਗੋਲੀਬਾਰੀ ਕਰ ਦਿੱਤੀ।
ਸੀਸੀਟੀਵੀ ਫੁਟੇਜ ਆਈ ਸਾਹਮਣੇ
ਘਟਨਾ ਸਥਾਨ ਨੇੜੇ ਲੱਗੇ ਕੈਮਰਿਆਂ ਦੀ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਹਮਲਾਵਰਾਂ ਵੱਲੋਂ 8 ਤੋਂ 10 ਗੋਲੀਆਂ ਚਲਾਈਆਂ ਗਈਆਂ। ਗੰਭੀਰ ਜ਼ਖ਼ਮੀ ਹਾਲਤ ’ਚ ਲੱਕੀ ਓਬਰਾਏ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਪੁਲਿਸ ਵੱਲੋਂ ਇਲਾਕਾ ਸੀਲ, ਟਾਰਗੇਟ ਕਿਲਿੰਗ ਦਾ ਸ਼ੱਕ
ਏਡੀਸੀਪੀ ਜਯੰਤ ਪੁਰੀ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਕੇ ਨਾਕਾਬੰਦੀ ਕੀਤੀ ਗਈ ਹੈ। ਹਮਲਾਵਰਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀਆਂ ਜਾਰੀ ਹਨ ਅਤੇ ਮਾਮਲੇ ਨੂੰ ਟਾਰਗੇਟ ਕਿਲਿੰਗ ਦੇ ਐੰਗਲ ਤੋਂ ਜਾਂਚਿਆ ਜਾ ਰਿਹਾ ਹੈ।
ਧਮਕੀਆਂ ਮਿਲਣ ਦੀ ਪਰਿਵਾਰ ਨੇ ਪੁਸ਼ਟੀ ਕੀਤੀ
ਮ੍ਰਿਤਕ ਦੇ ਚਾਚਾ ਕੁਲਦੀਪ ਓਬਰਾਏ ਨੇ ਦਾਅਵਾ ਕੀਤਾ ਕਿ ਲੱਕੀ ਨੂੰ ਕੁਝ ਸਮੇਂ ਤੋਂ ਧਮਕੀ ਭਰੇ ਫੋਨ ਆ ਰਹੇ ਸਨ, ਜਿਸ ਬਾਰੇ ਪੁਲਿਸ ਨੂੰ ਪਹਿਲਾਂ ਹੀ ਅਗਾਹ ਕੀਤਾ ਗਿਆ ਸੀ।
ਰਾਜਨੀਤਕ ਪਿਛੋਕੜ ਤੇ ਪੁਰਾਣੇ ਵਿਵਾਦ ਵੀ ਜਾਂਚ ਹੇਠ
ਕਾਬਿਲੇਗੌਰ ਹੈ ਕਿ ਲੱਕੀ ਓਬਰਾਏ ਆਪ ਵੱਲੋਂ ਜਲੰਧਰ ਛਾਉਣੀ ਹਲਕੇ ਦੇ ਇੰਚਾਰਜ ਸਨ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗੈਂਗਸਟਰ ਸ਼ੇਰੂ ਗਰੁੱਪ ਵੱਲੋਂ ਪਿਛਲੇ ਸਾਲ ਸੋਸ਼ਲ ਮੀਡੀਆ ’ਤੇ ਧਮਕੀ ਦਿੱਤੀ ਗਈ ਸੀ, ਜਦਕਿ ਖਾਲਸਾ ਕਾਲਜ ਦੀ ਪ੍ਰਿੰਸੀਪਲਸ਼ਿਪ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਵੀ ਖੰਗਾਲਿਆ ਜਾ ਰਿਹਾ ਹੈ।

