ਨਵੀਂ ਦਿੱਲੀ :- ਸਰਾਫਾ ਬਾਜ਼ਾਰ ਵਿੱਚ ਸ਼ੁੱਕਰਵਾਰ ਦੀ ਸਵੇਰ ਨਿਵੇਸ਼ਕਾਂ ਲਈ ਹੈਰਾਨੀ ਲੈ ਕੇ ਆਈ, ਜਦੋਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਰਿਕਾਰਡ ਉੱਚਾਈ ਤੋਂ ਫਿਸਲਦੀਆਂ ਨਜ਼ਰ ਆਈਆਂ। ਕੁਝ ਹੀ ਘੰਟਿਆਂ ਵਿੱਚ ਕੀਮਤੀ ਧਾਤਾਂ ਨੇ ਐਨੀ ਤੇਜ਼ ਗਿਰਾਵਟ ਦਰਜ ਕੀਤੀ, ਜੋ ਇਕ ਹਫ਼ਤਾ ਪਹਿਲਾਂ ਤੱਕ ਸੋਚੀ ਵੀ ਨਹੀਂ ਜਾ ਸਕਦੀ ਸੀ।
ਚਾਂਦੀ ’ਚ ਭਾਰੀ ਡਿੱਗਾਵਟ, ਸੋਨਾ ਵੀ ਫਿਸਲਿਆ
ਬਾਜ਼ਾਰ ਖੁੱਲਦੇ ਹੀ ਚਾਂਦੀ ਦੇ ਭਾਅ ਵਿੱਚ ਲਗਭਗ 8 ਹਜ਼ਾਰ ਰੁਪਏ ਪ੍ਰਤੀ ਕਿਲੋ ਦੀ ਕਮੀ ਦਰਜ ਕੀਤੀ ਗਈ, ਜਿਸ ਨਾਲ ਕੀਮਤ ਘਟ ਕੇ ਕਰੀਬ 2 ਲੱਖ 35 ਹਜ਼ਾਰ 998 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਦੂਜੇ ਪਾਸੇ ਸੋਨੇ ਦੇ ਭਾਅ ਵੀ ਦਬਾਅ ਹੇਠ ਰਹੇ ਅਤੇ ਇਹ 1,571 ਰੁਪਏ ਡਿੱਗ ਕੇ ਕਰੀਬ 1 ਲੱਖ 50 ਹਜ਼ਾਰ 675 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ।
ਸਰਬੋਤਮ ਪੱਧਰ ਤੋਂ ਵੱਡੀ ਕਮੀ
ਪਿਛਲੇ ਹਫ਼ਤੇ ਦੇ ਮੁਕਾਬਲੇ ਸੋਨੇ ਦੀ ਕੀਮਤ ਆਪਣੇ ਉੱਚਤਮ ਪੱਧਰ ਤੋਂ ਲਗਭਗ 28 ਹਜ਼ਾਰ 500 ਰੁਪਏ ਘੱਟ ਹੋ ਚੁੱਕੀ ਹੈ, ਜਦਕਿ ਚਾਂਦੀ ਵਿੱਚ ਕਰੀਬ 1 ਲੱਖ 73 ਹਜ਼ਾਰ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਕਮੀ ਵਿਆਹਾਂ ਲਈ ਖਰੀਦਦਾਰੀ ਕਰਨ ਵਾਲਿਆਂ ਲਈ ਰਾਹਤ ਬਣ ਕੇ ਆਈ ਹੈ, ਪਰ ਉੱਚ ਭਾਅ ’ਤੇ ਨਿਵੇਸ਼ ਕਰਨ ਵਾਲਿਆਂ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ।
ਅੰਤਰਰਾਸ਼ਟਰੀ ਹਾਲਾਤਾਂ ਦਾ ਅਸਰ
ਬਾਜ਼ਾਰ ਮਾਹਿਰਾਂ ਮੁਤਾਬਕ ਇਸ ਡਿੱਗਾਵਟ ਪਿੱਛੇ ਵਿਸ਼ਵ ਪੱਧਰੀ ਸਿਆਸੀ ਹਾਲਾਤ ਵੱਡੀ ਵਜ੍ਹਾ ਹਨ। ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਘਟਣ ਦੇ ਸੰਕੇਤ ਮਿਲ ਰਹੇ ਹਨ ਅਤੇ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਦੀ ਸ਼ੁਰੂਆਤ ਹੋਣ ਨਾਲ ਗਲੋਬਲ ਮਾਰਕੀਟ ਵਿੱਚ ਸ਼ਾਂਤੀ ਦੀ ਉਮੀਦ ਜਗੀ ਹੈ। ਐਸੇ ਵਿੱਚ ਨਿਵੇਸ਼ਕ ਸੁਰੱਖਿਅਤ ਮੰਨੇ ਜਾਂਦੇ ਸੋਨੇ-ਚਾਂਦੀ ਤੋਂ ਦੂਰ ਹੋ ਕੇ ਡਾਲਰ ਅਤੇ ਸਟਾਕ ਮਾਰਕੀਟ ਵੱਲ ਰੁਝਾਨ ਕਰ ਰਹੇ ਹਨ।
ਅੱਗੇ ਕੀ ਰਹੇਗੀ ਚਾਲ
ਮਾਹਿਰਾਂ ਦਾ ਮੰਨਣਾ ਹੈ ਕਿ ਕੀਮਤੀ ਧਾਤਾਂ ਵਿੱਚ ਆਇਆ ਇਹ ਉਛਾਲ ਹੁਣ ਆਪਣੀ ਚਰਮ ਸੀਮਾ ’ਤੇ ਪਹੁੰਚ ਚੁੱਕਾ ਹੈ। ਉਨ੍ਹਾਂ ਅਨੁਸਾਰ ਮੌਜੂਦਾ ਬਾਜ਼ਾਰ ਵਿੱਚ ਵਿਕਰੀ ਦਾ ਦਬਾਅ ਬਣਿਆ ਰਹਿ ਸਕਦਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਭਾਅ ਹੋਰ ਹੇਠਾਂ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।