ਨਵੀਂ ਦਿੱਲੀ :- ਭਾਰਤੀ ਰਿਜ਼ਰਵ ਬੈਂਕ ਨੇ ਮੋਨੇਟਰੀ ਪਾਲਿਸੀ ਕਮੇਟੀ ਦੀ ਫਰਵਰੀ 2026 ਵਿੱਚ ਹੋਈ ਮੀਟਿੰਗ ਮਗਰੋਂ ਵਿਆਜ ਦਰਾਂ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਹੈ। ਕੇਂਦਰੀ ਬੈਂਕ ਨੇ ਇਸ ਵਾਰ ਰੈਪੋ ਰੇਟ ਵਿੱਚ ਕਿਸੇ ਵੀ ਕਿਸਮ ਦੀ ਕਟੌਤੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਨਾਲ ਕਰਜ਼ੇ ਦੀਆਂ ਦਰਾਂ ’ਚ ਤੁਰੰਤ ਰਾਹਤ ਦੀ ਉਮੀਦ ਕਰ ਰਹੇ ਲੋਕਾਂ ਨੂੰ ਝਟਕਾ ਲੱਗਾ ਹੈ।
ਰੈਪੋ ਰੇਟ ਜਿਉਂ ਦਾ ਤਿਉਂ ਰੱਖਣ ਦਾ ਐਲਾਨ
ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਪੋ ਰੇਟ 5.25 ਪ੍ਰਤੀਸ਼ਤ ’ਤੇ ਹੀ ਸਥਿਰ ਰਹੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਆਰਥਿਕ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਰਾਂ ’ਚ ਕੋਈ ਤਬਦੀਲੀ ਨਾ ਕਰਨ ਦਾ ਫੈਸਲਾ ਲਿਆ ਗਿਆ ਹੈ।
ਪਿਛਲੇ ਸਾਲ ਹੋਈਆਂ ਕਟੌਤੀਆਂ ਦਾ ਹਵਾਲਾ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਇੱਕ ਸਾਲ ਦੇ ਅਰਸੇ ਦੌਰਾਨ ਆਰਬੀਆਈ ਵੱਲੋਂ ਰੈਪੋ ਰੇਟ ਵਿੱਚ ਕੁੱਲ 125 ਬੇਸਿਸ ਪੁਆਇੰਟ ਦੀ ਕਮੀ ਕੀਤੀ ਗਈ ਸੀ। ਪਰ ਤਾਜ਼ਾ ਮੋਨੇਟਰੀ ਪਾਲਿਸੀ ਮੀਟਿੰਗ ਵਿੱਚ ਕੇਂਦਰੀ ਬੈਂਕ ਨੇ ਰੇਟਾਂ ਨੂੰ ਬਰਕਰਾਰ ਰੱਖਣ ਨੂੰ ਹੀ ਤਰਜੀਹ ਦਿੱਤੀ ਹੈ।
ਆਰਥਿਕ ਮੋਰਚੇ ’ਤੇ ਅਗਲੀ ਚਾਲ ’ਤੇ ਨਜ਼ਰ
ਆਰਬੀਆਈ ਦੇ ਇਸ ਫੈਸਲੇ ਤੋਂ ਬਾਅਦ ਹੁਣ ਬਾਜ਼ਾਰਾਂ ਅਤੇ ਕਰਜ਼ੇਦਾਰਾਂ ਦੀਆਂ ਨਜ਼ਰਾਂ ਆਉਣ ਵਾਲੀਆਂ ਮੀਟਿੰਗਾਂ ’ਤੇ ਟਿਕੀਆਂ ਹੋਈਆਂ ਹਨ, ਜਿੱਥੇ ਮਹਿੰਗਾਈ ਅਤੇ ਵਿਕਾਸ ਦਰ ਦੇ ਆਕੜਿਆਂ ਦੇ ਆਧਾਰ ’ਤੇ ਅਗਲਾ ਕਦਮ ਚੁੱਕਿਆ ਜਾ ਸਕਦਾ ਹੈ।

