ਲੁਧਿਆਣਾ :- ਮਹਾਨਗਰ ਵਿੱਚ ਚੋਰੀਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਅਤੇ ਹੁਣ ਚੋਰ ਧਾਰਮਿਕ ਅਸਥਾਨਾਂ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਨਹੀਂ ਹਿਚਕਚਾ ਰਹੇ। ਤਾਜ਼ਾ ਮਾਮਲਾ ਢੰਡਾਰੀ ਖੁਰਦ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਗੁਰਦੁਆਰਾ ਸਿੰਘ ਸਭਾ ਵਿੱਚ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ।
ਦੇਰ ਰਾਤ ਤਾਲੇ ਤੋੜ ਕੇ ਦਾਖ਼ਲ ਹੋਏ ਚੋਰ
ਜਾਣਕਾਰੀ ਮੁਤਾਬਕ ਚੋਰਾਂ ਨੇ ਸਭ ਤੋਂ ਪਹਿਲਾਂ ਦਰਬਾਰ ਹਾਲ ਦਾ ਮੁੱਖ ਤਾਲਾ ਤੋੜਿਆ ਅਤੇ ਅੰਦਰ ਦਾਖ਼ਲ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਗੋਲਕ ਦਾ ਤਾਲਾ ਤੋੜ ਕੇ ਸੰਗਤ ਵੱਲੋਂ ਭੇਟ ਕੀਤੀ ਨਗਦੀ ’ਤੇ ਹੱਥ ਸਾਫ ਕਰ ਦਿੱਤਾ।
ਗੋਲਕ ਵਿੱਚੋਂ ਲਗਭਗ 50 ਹਜ਼ਾਰ ਰੁਪਏ ਗਾਇਬ
ਗੁਰਦੁਆਰਾ ਪ੍ਰਬੰਧਕਾਂ ਅਨੁਸਾਰ ਗੋਲਕ ਵਿੱਚ ਮੌਜੂਦ ਕਰੀਬ 50 ਹਜ਼ਾਰ ਰੁਪਏ ਦੀ ਰਕਮ ਚੋਰੀ ਹੋਈ ਹੈ। ਵਾਰਦਾਤ ਤੋਂ ਬਾਅਦ ਇਲਾਕੇ ਦੀ ਸੰਗਤ ਅਤੇ ਸੇਵਾਦਾਰਾਂ ਵਿੱਚ ਗਹਿਰਾ ਰੋਸ ਹੈ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜੇ ਹੋ ਰਹੇ ਹਨ।
ਸਵੇਰੇ ਖੁਲਾਸਾ, ਪੁਲਸ ਨੇ ਜਾਂਚ ਸ਼ੁਰੂ ਕੀਤੀ
ਸਵੇਰੇ ਦਰਬਾਰ ਸਾਹਿਬ ਪੁੱਜਣ ’ਤੇ ਗ੍ਰੰਥੀ ਕਸ਼ਮੀਰ ਸਿੰਘ ਨੂੰ ਹਾਲਾਤਾਂ ਦਾ ਪਤਾ ਲੱਗਾ, ਜਿਸ ਉਪਰੰਤ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਤੱਕ ਪਹੁੰਚ ਕੀਤੀ ਜਾ ਸਕੇ।