ਲੁਧਿਆਣਾ :- ਲੁਧਿਆਣਾ ਪੁਲਿਸ ਵਿਭਾਗ ਤੋਂ ਦੁੱਖਦਾਈ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਡੀਐਮਸੀ ਚੌਕੀ ਦੇ ਇੰਚਾਰਜ ਏਐਸਆਈ ਸਵਰਨ ਸਿੰਘ ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਗੰਭੀਰ ਬਿਮਾਰੀ ਨਾਲ ਪੀੜਤ ਸਨ ਅਤੇ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਸਨ, ਜਿੱਥੇ ਉਨ੍ਹਾਂ ਨੇ ਦੇਰ ਰਾਤ ਆਖਰੀ ਸਾਹ ਲਿਆ।
ਪੁਲਿਸ ਮਹਿਕਮੇ ‘ਚ ਸੋਗ ਦੀ ਲਹਿਰ
ਏਐਸਆਈ ਸਵਰਨ ਸਿੰਘ ਦੇ ਅਕਾਲ ਦਿਹਾਂਤ ਦੀ ਸੂਚਨਾ ਮਿਲਦੇ ਹੀ ਪੁਲਿਸ ਮਹਿਕਮੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸਹਿਕਰਮੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਇਕ ਇਮਾਨਦਾਰ, ਜ਼ਿੰਮੇਵਾਰ ਅਤੇ ਮੈਦਾਨੀ ਅਫ਼ਸਰ ਵਜੋਂ ਯਾਦ ਕੀਤਾ।
ਇੱਕ ਸਾਲ ਤੋਂ ਡੀਐਮਸੀ ਚੌਕੀ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਸੀ
ਸਵਰਨ ਸਿੰਘ ਲਗਭਗ ਇੱਕ ਸਾਲ ਤੋਂ ਡੀਐਮਸੀ ਚੌਕੀ ਦੇ ਇੰਚਾਰਜ ਵਜੋਂ ਸੇਵਾ ਨਿਭਾ ਰਹੇ ਸਨ। ਇਸ ਤੋਂ ਪਹਿਲਾਂ ਉਹ ਸੀਆਈਏ-1 ਅਤੇ ਸੀਆਈਏ-2 ਵਰਗੀਆਂ ਮਹੱਤਵਪੂਰਨ ਇਕਾਈਆਂ ਵਿੱਚ ਵੀ ਆਪਣੀ ਸੇਵਾ ਦੇ ਚੁੱਕੇ ਸਨ, ਜਿੱਥੇ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਕਾਫ਼ੀ ਸਰਾਹਨਾ ਕੀਤੀ ਜਾਂਦੀ ਰਹੀ।
ਹਾਲਤ ਵਿਗੜਨ ‘ਤੇ ਡੀਐਮਸੀ ‘ਚ ਕਰਵਾਇਆ ਗਿਆ ਦਾਖ਼ਲ
ਜਾਣਕਾਰੀ ਮੁਤਾਬਕ ਏਐਸਆਈ ਸਵਰਨ ਸਿੰਘ ਕਾਫ਼ੀ ਸਮੇਂ ਤੋਂ ਅਸਵਸਥ ਸਨ। ਸਿਹਤ ਵਿੱਚ ਅਚਾਨਕ ਗਿਰਾਵਟ ਆਉਣ ਕਾਰਨ ਉਨ੍ਹਾਂ ਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਦੀ ਵਿਸ਼ੇਸ਼ ਟੀਮ ਵੱਲੋਂ ਲਗਾਤਾਰ ਇਲਾਜ ਕੀਤਾ ਗਿਆ, ਪਰ ਸਿਹਤ ਵਿੱਚ ਸੁਧਾਰ ਨਹੀਂ ਆ ਸਕਿਆ।
ਪੁੱਤਰ ਵਿਦੇਸ਼ ‘ਚ, ਆਉਣ ਤੋਂ ਬਾਅਦ ਹੋਵੇਗਾ ਅੰਤਿਮ ਸੰਸਕਾਰ
ਪਰਿਵਾਰਕ ਸਰੋਤਾਂ ਅਨੁਸਾਰ ਸਵਰਨ ਸਿੰਘ ਦਾ ਪੁੱਤਰ ਵਿਦੇਸ਼ ਵਿੱਚ ਰਹਿੰਦਾ ਹੈ। ਉਸ ਦੇ ਭਾਰਤ ਪਹੁੰਚਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਸੇਵਾ ਦੌਰਾਨ ਨਿਭਾਈ ਡਿਊਟੀ ਨੂੰ ਸਦਾ ਯਾਦ ਰੱਖਿਆ ਜਾਵੇਗਾ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਏਐਸਆਈ ਸਵਰਨ ਸਿੰਘ ਨੇ ਆਪਣੇ ਕਰੀਅਰ ਦੌਰਾਨ ਡਿਊਟੀ ਨੂੰ ਪਹਿਲ ਦੇਂਦੇ ਹੋਏ ਇਮਾਨਦਾਰੀ ਨਾਲ ਸੇਵਾ ਨਿਭਾਈ। ਉਨ੍ਹਾਂ ਦਾ ਦਿਹਾਂਤ ਪੁਲਿਸ ਵਿਭਾਗ ਲਈ ਕਦੇ ਨਾ ਪੂਰੀ ਹੋਣ ਵਾਲੀ ਘਾਟ ਮੰਨੀ ਜਾ ਰਹੀ ਹੈ।

