ਚੰਡੀਗੜ੍ਹ :- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ‘ਚ ਚੱਲ ਰਹੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਟ੍ਰਾਂਸਪੋਰਟ ਵਿਭਾਗ ਵਿੱਚ ਵੱਡੀ ਕਾਰਵਾਈ ਕਰਦਿਆਂ ਖੇਤਰੀ ਟ੍ਰਾਂਸਪੋਰਟ ਦਫ਼ਤਰ ਬਠਿੰਡਾ ਵਿੱਚ ਤਾਇਨਾਤ ਇੱਕ ਕਲਰਕ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕਰ ਲਿਆ ਹੈ।
2700 ਰੁਪਏ ਦੀ ਰਿਸ਼ਵਤ ਨਾਲ ਫੜਿਆ ਗਿਆ ਮੁਲਜ਼ਮ
ਵਿਜੀਲੈਂਸ ਬਿਊਰੋ ਦੇ ਅਧਿਕਾਰਿਕ ਸੂਤਰਾਂ ਅਨੁਸਾਰ, ਗ੍ਰਿਫ਼ਤਾਰ ਕੀਤਾ ਗਿਆ ਕਲਰਕ ਡੇਵਿਡ ਦੋ ਹਜ਼ਾਰ ਸੱਤ ਸੌ ਰੁਪਏ ਦੀ ਨਕਦੀ ਰਿਸ਼ਵਤ ਲੈਂਦੇ ਸਮੇਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਹ ਕਾਰਵਾਈ ਬਠਿੰਡਾ ਦੇ ਕਨ੍ਹਈਆ ਨਗਰ ਵਾਸੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਅਮਲ ‘ਚ ਲਿਆਈ ਗਈ।
ਆਰਸੀ ਦੀ ਤਸਦੀਕ ਦੇ ਬਦਲੇ ਕੀਤੀ ਜਾ ਰਹੀ ਸੀ ਪੈਸਿਆਂ ਦੀ ਮੰਗ
ਜਾਣਕਾਰੀ ਮੁਤਾਬਕ, ਸਿ਼ਕਾਇਤਕਰਤਾ ਇੱਕ ਏਜੰਟ ਦੇ ਦਫ਼ਤਰ ‘ਚ ਦਿਹਾੜੀ ‘ਤੇ ਕੰਮ ਕਰਦਾ ਹੈ ਅਤੇ ਆਰ.ਟੀ.ਓ. ਬਠਿੰਡਾ ਨਾਲ ਸੰਬੰਧਤ ਫਾਈਲਾਂ ਦੀ ਕਾਰਵਾਈ ਸੰਭਾਲਦਾ ਹੈ। ਦੋਸ਼ੀ ਕਲਰਕ ਦੀ ਡਿਊਟੀ ਵਾਹਨਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਔਨਲਾਈਨ ਤਸਦੀਕ ਨਾਲ ਜੁੜੀ ਹੋਈ ਸੀ, ਪਰ ਉਹ ਬਿਨਾਂ ਰਿਸ਼ਵਤ ਫਾਈਲਾਂ ਦੀ ਜਾਂਚ ਕਰਨ ਤੋਂ ਇਨਕਾਰ ਕਰ ਰਿਹਾ ਸੀ।
ਪ੍ਰਤੀ ਫਾਈਲ 300 ਰੁਪਏ ਵਸੂਲਣ ਦਾ ਦੋਸ਼
ਦੋਸ਼ ਹੈ ਕਿ ਕਲਰਕ ਵੱਲੋਂ ਹਰ ਫਾਈਲ ਦੀ ਤਸਦੀਕ ਦੇ ਬਦਲੇ 300 ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਪਹਿਲਾਂ ਉਸਨੇ ਬਠਿੰਡਾ ਬੱਸ ਸਟੈਂਡ ‘ਤੇ ਸਿ਼ਕਾਇਤਕਰਤਾ ਤੋਂ 2100 ਰੁਪਏ ਲਏ ਅਤੇ ਬਾਅਦ ਵਿੱਚ ਹੋਰ ਰਕਮ ਦੀ ਮੰਗ ਕੀਤੀ, ਜਿਸ ਤੋਂ ਤੰਗ ਆ ਕੇ ਸਿ਼ਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ।
ਜਾਲ ਵਿਛਾ ਕੇ ਵਿਜੀਲੈਂਸ ਨੇ ਕੀਤੀ ਗ੍ਰਿਫ਼ਤਾਰੀ
ਸ਼ਿਕਾਇਤ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਯੋਜਨਾ ਬੱਧ ਢੰਗ ਨਾਲ ਜਾਲ ਵਿਛਾਇਆ। ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਜਿਵੇਂ ਹੀ ਮੁਲਜ਼ਮ ਨੇ 2700 ਰੁਪਏ ਦੀ ਰਿਸ਼ਵਤ ਹਾਸਲ ਕੀਤੀ, ਉਸੇ ਵੇਲੇ ਟੀਮ ਨੇ ਉਸਨੂੰ ਕਾਬੂ ਕਰ ਲਿਆ।
ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ
ਗ੍ਰਿਫ਼ਤਾਰ ਕਲਰਕ ਵਿਰੁੱਧ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ ਬਠਿੰਡਾ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਹੋਰ ਜਾਂਚ ਜਾਰੀ ਹੈ ਅਤੇ ਵਿਭਾਗ ਵੱਲੋਂ ਅਗਲੇ ਖੁਲਾਸਿਆਂ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ।

