ਚੰਡੀਗੜ੍ਹ :- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਨੀਲ ਗਰਗ ਨੇ ਕੇਂਦਰੀ ਬਜਟ 2026 ਦੀ ਘੋਸ਼ਣਾ ‘ਤੇ ਸਖ਼ਤ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਬਜਟ ਭਾਰੀ ਅੰਕੜਿਆਂ ਅਤੇ ਖੋਖਲੀਆਂ ਘੋਸ਼ਣਾਵਾਂ ਨਾਲ ਭਰਪੂਰ ਹੈ ਪਰ ਪੰਜਾਬ ਲਈ ਇਸ ਵਿੱਚ ਕੁਝ ਵੀ ਨਹੀਂ ਦਿੱਤਾ ਗਿਆ। ਨੀਲ ਗਰਗ ਨੇ ਕਿਹਾ ਕਿ ਪੰਜਾਬ, ਜੋ ਦੇਸ਼ ਦੇ ਅਨਾਜ ਭੰਡਾਰ ਵਿੱਚ ਸਭ ਤੋਂ ਵੱਡਾ ਯੋਗਦਾਨ ਦਿੰਦਾ ਹੈ ਅਤੇ ਦੇਸ਼ ਦੀ ਸੁਰੱਖਿਆ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ, ਇਸ ਬਜਟ ਵਿੱਚ ਦੂਰਬੀਨ ਨਾਲ ਵੀ ਲੱਭਣਯੋਗ ਨਹੀਂ ਹੈ।
ਕਿਸਾਨਾਂ ਅਤੇ ਨੌਜਵਾਨਾਂ ਲਈ ਖਾਲੀ ਹੱਥ
ਉਨ੍ਹਾਂ ਨੇ ਨਿਸ਼ਾਨਾ ਬਣਾਇਆ ਕਿ ਬਜਟ ਵਿੱਚ ਕਿਸਾਨਾਂ ਲਈ ਕੋਈ MSP ਦੀ ਕਾਨੂੰਨੀ ਗਾਰੰਟੀ, ਨੌਜਵਾਨਾਂ ਲਈ ਸਿੱਧਾ ਰੁਜ਼ਗਾਰ ਰੋਡਮੈਪ ਅਤੇ ਇੰਡਸਟਰੀ ਲਈ ਨਵੇਂ ਰੋਡਮੈਪ ਦਾ ਜ਼ਿਕਰ ਨਹੀਂ ਹੈ। ਨੀਲ ਗਰਗ ਨੇ ਯਾਦ ਦਿਵਾਇਆ ਕਿ ਪੰਜਾਬ ਦਾ ਕਿਸਾਨ ਅੱਜ ਵੀ MSP ਦੀ ਉਡੀਕ ਕਰ ਰਿਹਾ ਹੈ, ਪਰ ਬਜਟ ਵਿੱਚ ਇਸ ‘ਤੇ ਇੱਕ ਸ਼ਬਦ ਵੀ ਨਹੀਂ ਆਇਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ 2014 ਦੇ ਵਾਅਦਾਂ ਦੀ ਯਾਦ ਹੈ, ਜਿਸ ਵਿੱਚ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਸੀ, ਜੋ ਅਜੇ ਤੱਕ ਸਿਰਫ਼ ਜੁਮਲਾ ਸਾਬਤ ਹੋਇਆ।
ਖੋਖਲੇ ਅੰਕੜੇ ਅਤੇ ਜੁਮਲੇ
ਨੀਲ ਗਰਗ ਨੇ ਬਜਟ ਵਿੱਚ ਦਿੱਖਾਈ ਦੇਣ ਵਾਲੇ 10,000 ਕਰੋੜ ਅਤੇ 40,000 ਕਰੋੜ ਵਰਗੇ ਅੰਕੜਿਆਂ ਨੂੰ ਖੋਖਲਾ ਕਿਹਾ। ਉਨ੍ਹਾਂ ਜ਼ੋਰ ਦਿੱਤਾ ਕਿ ਵਿਕਾਸ ਸਿਰਫ਼ ਪ੍ਰੈੱਸ ਕਾਨਫਰੰਸਾਂ ਜਾਂ ਖੋਖਲੇ ਘੋਸ਼ਣਾਵਾਂ ਰਾਹੀਂ ਨਹੀਂ ਹੁੰਦਾ। ਅਸਲੀ ਵਿਕਾਸ ਉਹ ਹੈ ਜਦੋਂ ਕਿਸਾਨ ਦੀ ਜੇਬ ਭਰਦੀ ਹੈ ਅਤੇ ਨੌਜਵਾਨ ਦੇ ਹੱਥ ਵਿੱਚ ਨੌਕਰੀ ਹੁੰਦੀ ਹੈ।
ਪੰਜਾਬ ਦਾ ਹੱਕ ਮੰਗਣ ਦੀ ਅਪੀਲ
ਨੀਲ ਗਰਗ ਨੇ ਸਪਸ਼ਟ ਕੀਤਾ ਕਿ ਪੰਜਾਬ ਨੂੰ ਆਪਣੇ ਹੱਕ ਚਾਹੀਦੇ ਹਨ, ਖੋਖਲੇ ਵਾਅਦੇ ਨਹੀਂ। ਉਨ੍ਹਾਂ ਨੇ ਆਖਿਆ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੀਆਂ ਅਸਲੀ ਲੋੜਾਂ ਤੇ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਸਿਰਫ਼ ਅੰਕੜਿਆਂ ਅਤੇ ਵਾਅਦਿਆਂ ‘ਚ ਹੀ ਫਸਿਆ ਰਹਿਣਾ।

