ਸੁਲਤਾਨਪੁਰ ਲੋਧੀ :- ਮੰਡ ਬਾਊਪੁਰ ਖੇਤਰ ਵਿੱਚ ਬਿਆਸ ਦਰਿਆ ਦਾ ਪਾਣੀ ਖਤਰਨਾਕ ਪੱਧਰ ਤੱਕ ਵੱਧ ਜਾਣ ਕਾਰਨ ਕਿਸਾਨਾਂ ਵੱਲੋਂ ਬਣਾਇਆ ਆਰਜ਼ੀ ਬੰਨ੍ਹ ਟੁੱਟ ਗਿਆ ਹੈ। ਇਸ ਨਾਲ ਨੇੜਲੇ ਕਈ ਪਿੰਡਾਂ ਵਿੱਚ ਪਾਣੀ ਦਾਖਲ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ ਅਤੇ ਹਜ਼ਾਰਾਂ ਏਕੜਾਂ ਵਿੱਚ ਖੜੀ ਝੋਨੇ ਦੀ ਫ਼ਸਲ ਤਬਾਹੀ ਦੇ ਮੁਹਾਨੇ ‘ਤੇ ਖੜੀ ਹੈ। ਮੰਡ ਇਲਾਕੇ ਵਿੱਚ ਲੋਕ ਚਿੰਤਿਤ ਹਨ ਅਤੇ ਬਹੁਤ ਸਾਰੇ ਪਿੰਡ ਵਾਸੀ ਇਕੱਠੇ ਹੋ ਕੇ ਬੰਨ੍ਹ ਨੂੰ ਮੁੜ ਤਿਆਰ ਕਰਨ ਅਤੇ ਪਾਣੀ ਰੋਕਣ ਦੇ ਕੰਮ ‘ਚ ਜੁਟੇ ਹੋਏ ਹਨ।
ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਕਾਂਗਰਸ ਪਾਰਟੀ ਮੁਸ਼ਕਲ ਘੜੀ ਵਿੱਚ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਤੁਰੰਤ ਕਾਰਵਾਈ ਕਰਕੇ ਲੋਕਾਂ ਦੀ ਜਾਨ, ਮਾਲ ਅਤੇ ਫ਼ਸਲਾਂ ਦੀ ਸੁਰੱਖਿਆ ਯਕੀਨੀ ਬਣਾਏ।
ਪਿੰਡਾਂ ਵਿੱਚ ਲਾਉਡਸਪੀਕਰਾਂ ਰਾਹੀਂ ਲੋਕਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ, ਤਾਂ ਜੋ ਸਮੇਂ ‘ਤੇ ਸੁਰੱਖਿਅਤ ਥਾਵਾਂ ‘ਤੇ ਪਹੁੰਚਿਆ ਜਾ ਸਕੇ। ਇਸਦੇ ਨਾਲ ਹੀ ਕਿਸਾਨ ਅਤੇ ਸਥਾਨਕ ਨਿਵਾਸੀ ਮਿਲ ਕੇ ਬੰਨ੍ਹ ਦੀ ਮੁਰੰਮਤ ਦੇ ਯਤਨ ਜਾਰੀ ਰੱਖ ਰਹੇ ਹਨ।