ਸ੍ਰੀ ਫਤਿਹਗੜ੍ਹ ਸਾਹਿਬ :- ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੀ ਯਾਦ ਵਿੱਚ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਆਰੰਭ ਹੋ ਰਹੀ ਤਿੰਨ ਰੋਜ਼ਾ ਸਾਲਾਨਾ ਸ਼ਹੀਦੀ ਸਭਾ ਦੇ ਮੱਦੇਨਜ਼ਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਇਸ ਸਬੰਧੀ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸੰਗਤ ਦੀ ਸੁਰੱਖਿਆ ਤੇ ਸੁਵਿਧਾ ਲਈ ਕੀਤੇ ਗਏ ਪ੍ਰਬੰਧਾਂ ਦਾ ਨਿੱਜੀ ਤੌਰ ’ਤੇ ਜਾਇਜ਼ਾ ਲਿਆ।
ਤਿੰਨ ਦਿਨਾਂ ਸ਼ਹੀਦੀ ਸਭਾ ਦੀ ਹੋਈ ਸ਼ੁਰੂਆਤ
ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸਾਲਾਨਾ ਸ਼ਹੀਦੀ ਸਭਾ ਅੱਜ ਤੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਆਰੰਭ ਹੋ ਗਈ ਹੈ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚਣ ਦੀ ਸੰਭਾਵਨਾ ਹੈ।
ਛੇ ਸੈਕਟਰਾਂ ’ਚ ਵੰਡਿਆ ਗਿਆ ਪੂਰਾ ਖੇਤਰ
ਇਸ ਮੌਕੇ ਡੀਜੀਪੀ ਗੌਰਵ ਯਾਦਵ ਨੇ ਡੀਆਈਜੀ ਰੋਪੜ ਰੇਂਜ ਨਾਨਕ ਸਿੰਘ ਅਤੇ ਐਸਐਸਪੀ ਸ੍ਰੀ ਫ਼ਤਹਿਗੜ੍ਹ ਸਾਹਿਬ ਸ਼ੁਭਮ ਅਗਰਵਾਲ ਦੇ ਨਾਲ ਮਿਲ ਕੇ ਸੁਰੱਖਿਆ, ਟ੍ਰੈਫਿਕ ਅਤੇ ਪ੍ਰਬੰਧਕੀ ਇੰਤਜ਼ਾਮਾਂ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਪੂਰੇ ਇਲਾਕੇ ਨੂੰ ਯੋਜਨਾਬੱਧ ਢੰਗ ਨਾਲ ਛੇ ਸੈਕਟਰਾਂ ਵਿੱਚ ਵੰਡਿਆ ਗਿਆ ਹੈ, ਤਾਂ ਜੋ ਭੀੜ ਪ੍ਰਬੰਧਨ ਅਤੇ ਸੁਰੱਖਿਆ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।
3400 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ
ਮੀਡੀਆ ਨਾਲ ਗੱਲਬਾਤ ਕਰਦਿਆਂ ਡੀਜੀਪੀ ਨੇ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ ਛੇ ਐਸਪੀ ਰੈਂਕ ਦੇ ਅਧਿਕਾਰੀਆਂ ਅਤੇ 24 ਡੀਐਸਪੀ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 3400 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜੋ ਸੁਰੱਖਿਆ ਦੇ ਨਾਲ-ਨਾਲ ਟ੍ਰੈਫਿਕ ਅਤੇ ਸੰਗਤ ਦੀ ਮਦਦ ਵਿੱਚ ਜੁਟੇ ਰਹਿਣਗੇ।
ਸੰਗਤ ਦੀ ਸੁਰੱਖਿਆ ਸਾਡੀ ਪਹਿਲ: ਡੀਜੀਪੀ
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਮੁੱਖ ਉਦੇਸ਼ ਸੰਗਤ ਦੀ ਸੁਰੱਖਿਆ, ਸੁਚਾਰੂ ਆਵਾਜਾਈ ਅਤੇ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਡਿਊਟੀ ਨੂੰ ਸੇਵਾ ਸਮਝ ਕੇ ਨਿਭਾ ਰਹੀ ਹੈ ਅਤੇ ਸੰਗਤ ਨਾਲ ਨਿਮਰਤਾ, ਸਹਿਯੋਗ ਅਤੇ ਲੋਕ-ਪੱਖੀ ਵਿਹਾਰ ਯਕੀਨੀ ਬਣਾਇਆ ਜਾਵੇਗਾ। ਇਸ ਸਬੰਧੀ ਸਾਰੇ ਮੁਲਾਜ਼ਮਾਂ ਨੂੰ ਚੌਕਸ, ਅਨੁਸ਼ਾਸਿਤ ਅਤੇ ਸ਼ਿਸ਼ਟਾਚਾਰੀ ਰਵੱਈਆ ਅਪਣਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।
ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਲਈ ਖ਼ਾਸ ਪ੍ਰਬੰਧ
ਡੀਜੀਪੀ ਨੇ ਦੱਸਿਆ ਕਿ ਇਸ ਸਾਲ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਾਉਣ ਲਈ ਟ੍ਰੈਫਿਕ ਰੂਟਾਂ, ਪਾਰਕਿੰਗ, ਮਦਦ ਕੇਂਦਰਾਂ ਅਤੇ ਜਾਣਕਾਰੀ ਸਹੂਲਤਾਂ ਨੂੰ ਮਜ਼ਬੂਤ ਕੀਤਾ ਗਿਆ ਹੈ, ਤਾਂ ਜੋ ਸ਼ਹੀਦੀ ਸਭਾ ਸ਼ਾਂਤੀਪੂਰਨ, ਸੁਰੱਖਿਅਤ ਅਤੇ ਵਿਵਸਥਿਤ ਢੰਗ ਨਾਲ ਸੰਪੰਨ ਹੋ ਸਕੇ।

