ਚੰਡੀਗੜ੍ਹ :- ਦੇਸ਼ ਭਰ ਵਿੱਚ ਟ੍ਰੇਨ ਰਾਹੀਂ ਸਫ਼ਰ ਕਰਨ ਵਾਲੇ ਕਰੋੜਾਂ ਯਾਤਰੀਆਂ ਲਈ ਭਾਰਤੀ ਰੇਲਵੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਰੇਲਵੇ ਪ੍ਰਸ਼ਾਸਨ ਨੇ ਟਿਕਟਾਂ ਦੇ ਕਿਰਾਏ ਵਿੱਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ, ਜੋ ਕਿ 26 ਦਸੰਬਰ 2025 ਤੋਂ ਲਾਗੂ ਕੀਤਾ ਜਾਵੇਗਾ। ਇਸ ਫੈਸਲੇ ਨਾਲ ਲੰਬੀ ਦੂਰੀ ਦੇ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਜੇਬ੍ਹ ’ਤੇ ਵਧੇਰਾ ਬੋਝ ਪੈਣਾ ਤੈਅ ਮੰਨਿਆ ਜਾ ਰਿਹਾ ਹੈ।
ਛੋਟੀ ਦੂਰੀ ਵਾਲਿਆਂ ਨੂੰ ਰਾਹਤ, ਰੋਜ਼ਾਨਾ ਯਾਤਰੀ ਬਚੇ
ਰੇਲਵੇ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ 215 ਕਿਲੋਮੀਟਰ ਤੱਕ ਦੇ ਸਫ਼ਰ ਲਈ ਟਿਕਟ ਕਿਰਾਏ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸ ਨਾਲ ਦਫ਼ਤਰ ਜਾਂ ਹੋਰ ਰੋਜ਼ਾਨਾ ਕੰਮਾਂ ਲਈ ਟ੍ਰੇਨ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਰੇਲਵੇ ਅਧਿਕਾਰੀਆਂ ਅਨੁਸਾਰ ਇਹ ਫੈਸਲਾ ਆਮ ਆਦਮੀ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।
ਲੰਬੀ ਦੂਰੀ ਦਾ ਸਫ਼ਰ ਹੁਣ ਹੋਵੇਗਾ ਮਹਿੰਗਾ
215 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕਰਨ ਵਾਲਿਆਂ ਲਈ ਨਵੇਂ ਕਿਰਾਇਆ ਨਿਯਮ ਲਾਗੂ ਕੀਤੇ ਗਏ ਹਨ।
ਰੇਲਵੇ ਮੁਤਾਬਕ:
– ਜਰਨਲ ਕਲਾਸ ਵਿੱਚ ਪ੍ਰਤੀ ਕਿਲੋਮੀਟਰ 1 ਪੈਸਾ ਵਾਧਾ ਕੀਤਾ ਗਿਆ ਹੈ।
– ਮੇਲ, ਐਕਸਪ੍ਰੈਸ ਅਤੇ ਏਸੀ ਸ਼੍ਰੇਣੀਆਂ ਵਿੱਚ ਪ੍ਰਤੀ ਕਿਲੋਮੀਟਰ 2 ਪੈਸੇ ਵਧਾਏ ਗਏ ਹਨ।
ਸਫ਼ਰ ਦੀ ਮਿਸਾਲ ਨਾਲ ਸਮਝੋ ਬੋਝ
ਜੇਕਰ ਕੋਈ ਯਾਤਰੀ ਪਟਨਾ ਤੋਂ ਦਿੱਲੀ (ਲਗਭਗ 1000 ਕਿਲੋਮੀਟਰ) ਤੱਕ ਸਫ਼ਰ ਕਰਦਾ ਹੈ ਤਾਂ:
– ਸਧਾਰਣ ਕਲਾਸ ਦੀ ਟਿਕਟ ’ਤੇ ਕਰੀਬ 10 ਰੁਪਏ ਵਧੇਰੇ ਦੇਣੇ ਪੈਣਗੇ।
– ਰਾਜਧਾਨੀ, ਵੰਦੇ ਭਾਰਤ ਜਾਂ ਹੋਰ ਪ੍ਰੀਮੀਅਮ ਟ੍ਰੇਨਾਂ ਵਿੱਚ ਇਹ ਵਾਧਾ ਕਰੀਬ 20 ਰੁਪਏ ਤੱਕ ਹੋ ਸਕਦਾ ਹੈ।
ਰੇਲਵੇ ਨੇ ਕਿਉਂ ਚੁੱਕਿਆ ਕਦਮ?
ਰੇਲਵੇ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਸ ਕਿਰਾਇਆ ਵਾਧੇ ਨਾਲ ਸਾਲਾਨਾ ਕਰੀਬ 600 ਕਰੋੜ ਰੁਪਏ ਦੀ ਵਾਧੂ ਆਮਦਨ ਹੋਵੇਗੀ। ਇਸ ਰਕਮ ਨੂੰ ਸਟੇਸ਼ਨਾਂ ਦੀਆਂ ਸਹੂਲਤਾਂ ਸੁਧਾਰਨ, ਕੋਚਾਂ ਦੀ ਦੇਖਭਾਲ, ਸਫ਼ਾਈ ਅਤੇ ਯਾਤਰੀ ਸੁਰੱਖਿਆ ਪ੍ਰਬੰਧਾਂ ’ਤੇ ਖਰਚ ਕੀਤਾ ਜਾਵੇਗਾ।
ਯਾਤਰੀਆਂ ’ਚ ਮਿਲੀ-ਜੁਲੀ ਪ੍ਰਤੀਕਿਰਿਆ
ਜਿੱਥੇ ਛੋਟੀ ਦੂਰੀ ਵਾਲੇ ਯਾਤਰੀ ਇਸ ਫੈਸਲੇ ਨਾਲ ਖੁਸ਼ ਨਜ਼ਰ ਆ ਰਹੇ ਹਨ, ਉੱਥੇ ਲੰਬੇ ਸਫ਼ਰ ਕਰਨ ਵਾਲੇ ਯਾਤਰੀਆਂ ਵੱਲੋਂ ਮਹਿੰਗਾਈ ਦੇ ਦੌਰ ਵਿੱਚ ਕਿਰਾਇਆ ਵਧਾਉਣ ’ਤੇ ਨਾਰਾਜ਼ਗੀ ਵੀ ਜਤਾਈ ਜਾ ਰਹੀ ਹੈ।

