ਹਰਿਆਣਾ :- ਹਰਿਆਣਾ ਦੇ ਪੰਚਕੂਲਾ ਵਿੱਚ ਨਸ਼ਿਆਂ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਐਂਟੀ ਨਾਰਕੋਟਿਕਸ ਟੀਮ ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਇਕ ਨਸ਼ਾ ਤਸਕਰ ਨੂੰ ਕਾਬੂ ਕਰਦੇ ਹੋਏ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਮੁਲਜ਼ਮ ਪੰਚਕੂਲਾ ਵਿੱਚ ਨਸ਼ਾ ਸਪਲਾਈ ਕਰਨ ਦੀ ਤਿਆਰੀ ਵਿੱਚ ਸੀ, ਪਰ ਪੁਲਿਸ ਦੀ ਮੁਸਤੈਦੀ ਨਾਲ ਉਸਦੀ ਯੋਜਨਾ ਫੇਲ੍ਹ ਹੋ ਗਈ।
ਗਸ਼ਤ ਦੌਰਾਨ ਮਿਲੀ ਗੁਪਤ ਸੂਚਨਾ
ਮਿਲੀ ਜਾਣਕਾਰੀ ਮੁਤਾਬਕ ਪੰਚਕੂਲਾ ਐਂਟੀ ਨਾਰਕੋਟਿਕਸ ਟੀਮ ਦੇ ਇੰਚਾਰਜ ਪੀਐਸਆਈ ਸੰਜੀਵ ਕੁਮਾਰ ਆਪਣੀ ਟੀਮ ਨਾਲ ਗਸ਼ਤ ’ਤੇ ਸਨ। 19 ਦਸੰਬਰ ਦੀ ਸ਼ਾਮ ਕਰੀਬ 8:15 ਵਜੇ ਟੀਮ ਨੂੰ ਭਰੋਸੇਯੋਗ ਸੂਚਨਾ ਮਿਲੀ ਕਿ ਪੰਜਾਬ ਵੱਲੋਂ ਇਕ ਨੌਜਵਾਨ ਨਸ਼ੀਲੇ ਪਦਾਰਥ ਲੈ ਕੇ ਪੰਚਕੂਲਾ ਦਾਖਲ ਹੋਣ ਵਾਲਾ ਹੈ।
ਕੁੰਡੀ ਪਿੰਡ ਨੇੜੇ ਲਗਾਇਆ ਨਾਕਾ
ਸੂਚਨਾ ਦੇ ਆਧਾਰ ’ਤੇ ਪੰਚਕੂਲਾ ਦੇ ਸੈਕਟਰ-20 ਇਲਾਕੇ ਵਿੱਚ ਕੁੰਡੀ ਪਿੰਡ ਦੇ ਵਾਟਰ ਟ੍ਰੀਟਮੈਂਟ ਪਲਾਂਟ ਨੇੜੇ ਨਾਕਾਬੰਦੀ ਕੀਤੀ ਗਈ। ਨਾਕੇ ਦੌਰਾਨ ਕਾਲੀ ਜੈਕੇਟ ਪਹਿਨੇ ਇਕ ਬਾਈਕ ਸਵਾਰ ਨੌਜਵਾਨ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ।
ਮੁਲਜ਼ਮ ਦੀ ਪਛਾਣ ਫਿਰੋਜ਼ਪੁਰ ਵਾਸੀ ਵਜੋਂ
ਪੁੱਛਗਿੱਛ ਦੌਰਾਨ ਨੌਜਵਾਨ ਨੇ ਆਪਣੀ ਪਛਾਣ ਬਲਜਿੰਦਰ ਸਿੰਘ ਵਜੋਂ ਦੱਸੀ, ਜੋ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਪੀਰ ਇਸਮਾਈਲਪੁਰ ਦਾ ਰਹਿਣ ਵਾਲਾ ਹੈ। ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਤਲਾਸ਼ੀ ਦੀ ਕਾਰਵਾਈ ਅੱਗੇ ਵਧਾਈ।
ਗਜ਼ਟਿਡ ਅਫ਼ਸਰ ਦੀ ਮੌਜੂਦਗੀ ’ਚ ਹੋਈ ਤਲਾਸ਼ੀ
ਨਿਯਮਾਂ ਅਨੁਸਾਰ ਗਜ਼ਟਿਡ ਅਫ਼ਸਰ ਈਟੀਓ ਰਮਨਜੀਤ ਸਿੰਘ ਨੂੰ ਮੌਕੇ ’ਤੇ ਬੁਲਾਇਆ ਗਿਆ। ਉਨ੍ਹਾਂ ਦੀ ਹਾਜ਼ਰੀ ਵਿੱਚ ਕੀਤੀ ਗਈ ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਇਕ ਮੋਬਾਈਲ ਫ਼ੋਨ, 600 ਰੁਪਏ ਨਕਦ ਅਤੇ ਇਕ ਕੈਰੀ ਬੈਗ ਬਰਾਮਦ ਹੋਇਆ।
1200 ਟ੍ਰਾਮਾਡੋਲ ਗੋਲੀਆਂ ਬਰਾਮਦ
ਜਦੋਂ ਪੁਲਿਸ ਨੇ ਕੈਰੀ ਬੈਗ ਖੋਲ੍ਹਿਆ ਤਾਂ ਉਸ ਵਿੱਚੋਂ ਛੇ ਡੱਬੇ ਮਿਲੇ, ਜਿਨ੍ਹਾਂ ’ਤੇ “ਟ੍ਰਾਮਾਡੋਲ ਹਾਈਡ੍ਰੋਕਲੋਰਾਈਡ ਐਕਸਟੈਂਡਡ ਰਿਲੀਜ਼ ਟੈਬਲੈਟਸ” ਲਿਖਿਆ ਹੋਇਆ ਸੀ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ 120 ਸਟ੍ਰਿਪਾਂ ਸਨ, ਜਿਨ੍ਹਾਂ ਵਿੱਚ ਕੁੱਲ 1200 ਨਸ਼ੀਲੀਆਂ ਗੋਲੀਆਂ ਸ਼ਾਮਲ ਸਨ।
ਐਨਡੀਪੀਐਸ ਐਕਟ ਹੇਠ ਮਾਮਲਾ ਦਰਜ
ਪੁਲਿਸ ਵੱਲੋਂ ਤੁਰੰਤ ਡਰੱਗਜ਼ ਕੰਟਰੋਲਰ ਪ੍ਰਵੀਨ ਕੁਮਾਰ ਨੂੰ ਸੂਚਿਤ ਕੀਤਾ ਗਿਆ। ਤਸਵੀਰਾਂ ਅਤੇ ਜਾਣਕਾਰੀ ਦੀ ਜਾਂਚ ਮਗਰੋਂ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਬਰਾਮਦ ਨਸ਼ੀਲੇ ਪਦਾਰਥ ਐਨਡੀਪੀਐਸ ਐਕਟ ਦੇ ਦਾਇਰੇ ਵਿੱਚ ਆਉਂਦੇ ਹਨ। ਇਸ ਤੋਂ ਇਲਾਵਾ ਕੁਝ ਪੈਕੇਟ ਅਜੇਹੇ ਵੀ ਮਿਲੇ, ਜਿਨ੍ਹਾਂ ’ਤੇ ਬੈਚ ਨੰਬਰ ਦਰਜ ਨਹੀਂ ਸੀ।
ਮੁਲਜ਼ਮ ਹਿਰਾਸਤ ’ਚ, ਨੈਟਵਰਕ ਦੀ ਜਾਂਚ ਜਾਰੀ
ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਸੈਕਟਰ-20 ਪੁਲਿਸ ਸਟੇਸ਼ਨ ਪਹੁੰਚਾਇਆ, ਜਿੱਥੇ ਉਸ ਦੇ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਹੁਣ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਕਿਹੜੇ ਨੈਟਵਰਕ ਰਾਹੀਂ ਲਿਆਂਦਾ ਜਾ ਰਿਹਾ ਸੀ ਅਤੇ ਇਸ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹੈ।

