ਚੰਡੀਗੜ੍ਹ :- ਪੰਜਾਬ ਸਰਕਾਰ ਨੇ ਟ੍ਰਾਂਸਪੋਰਟ ਵਿਭਾਗ ਰਾਹੀਂ ਵੱਡਾ ਫੈਸਲਾ ਲੈਂਦਿਆਂ ਪਿੰਡਾਂ ਦੀ ਆਵਾਜਾਈ ਨੂੰ ਮੁੜ ਜ਼ਿੰਦਾ ਕਰਨ ਵੱਲ ਕਦਮ ਚੁੱਕਿਆ ਹੈ। ਸਰਕਾਰ ਵੱਲੋਂ 500 ਤੋਂ ਵੱਧ ਨਵੇਂ ਮਿੰਨੀ ਬੱਸ ਪਰਮਿਟ ਜਾਰੀ ਕਰ ਦਿੱਤੇ ਗਏ ਹਨ, ਜਿਸ ਨਾਲ ਪਿੰਡਾਂ ਤੋਂ ਸ਼ਹਿਰਾਂ ਤੱਕ ਆਵਾਜਾਈ ਇੱਕ ਵਾਰ ਫਿਰ ਸੁਗਮ ਬਣਨ ਜਾ ਰਹੀ ਹੈ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਦਿੱਤੀ।
ਚੰਡੀਗੜ੍ਹ ਵਿੱਚ ਪਰਮਿਟ ਵੰਡ ਸਮਾਰੋਹ
ਚੰਡੀਗੜ੍ਹ ਵਿਖੇ ਕਰਵਾਏ ਗਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮਿੰਨੀ ਬੱਸਾਂ ਦੇ ਪਰਮਿਟ ਵੰਡੇ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਲ ‘ਸਵੈ-ਰੋਜ਼ਗਾਰ’ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਹੈ, ਤਾਂ ਜੋ ਨੌਜਵਾਨ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ।
505 ਪਰਮਿਟ ਜਾਰੀ, ਜ਼ਿਆਦਾਤਰ ਨਵੇਂ ਟ੍ਰਾਂਸਪੋਰਟਰ
ਮੁੱਖ ਮੰਤਰੀ ਅਨੁਸਾਰ, ਸਰਕਾਰ ਵੱਲੋਂ ਕੁੱਲ 505 ਮਿੰਨੀ ਬੱਸ ਪਰਮਿਟ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਲਗਭਗ 450 ਪਰਮਿਟ ਅਜਿਹੇ ਲੋਕਾਂ ਨੂੰ ਮਿਲੇ ਹਨ, ਜੋ ਪਹਿਲੀ ਵਾਰ ਟ੍ਰਾਂਸਪੋਰਟ ਖੇਤਰ ਵਿੱਚ ਕਦਮ ਰੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਮਿੰਨੀ ਬੱਸਾਂ 35 ਕਿੱਲੋਮੀਟਰ ਦੇ ਘੇਰੇ ਵਿੱਚ ਚਲਣਗੀਆਂ।
ਵੱਖ-ਵੱਖ ਆਰਟੀਏ ਦਫ਼ਤਰਾਂ ਨੂੰ ਮਿਲੇ ਪਰਮਿਟ
ਜਾਰੀ ਕੀਤੇ ਗਏ ਪਰਮਿਟਾਂ ਵਿੱਚ ਰੀਜਨਲ ਟ੍ਰਾਂਸਪੋਰਟ ਅਥਾਰਟੀ ਜਲੰਧਰ ਦੇ 342, ਪਟਿਆਲਾ ਦੇ 98, ਬਠਿੰਡਾ ਦੇ 66 ਅਤੇ ਫਿਰੋਜ਼ਪੁਰ ਦੇ 53 ਪਰਮਿਟ ਸ਼ਾਮਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਸਰਕਾਰ 1100 ਤੋਂ ਵੱਧ ਮਿੰਨੀ ਬੱਸ ਪਰਮਿਟ ਜਾਰੀ ਕਰ ਚੁੱਕੀ ਹੈ ਅਤੇ ਭਵਿੱਖ ਵਿੱਚ ਵੀ ਇੱਛੁਕ ਲੋਕ ਅਰਜ਼ੀ ਦੇ ਸਕਦੇ ਹਨ।
ਪਿੰਡਾਂ ਦੀ ਲੰਬੀ ਮੰਗ ਹੋਈ ਪੂਰੀ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿੰਡਾਂ ਦੇ ਲੋਕ ਕਾਫੀ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਮਿੰਨੀ ਬੱਸ ਸੇਵਾ ਮੁੜ ਸ਼ੁਰੂ ਕੀਤੀ ਜਾਵੇ, ਤਾਂ ਜੋ ਜਿਨ੍ਹਾਂ ਕੋਲ ਨਿੱਜੀ ਸਾਧਨ ਨਹੀਂ ਹਨ, ਉਨ੍ਹਾਂ ਨੂੰ ਵੀ ਸ਼ਹਿਰਾਂ ਤੱਕ ਪਹੁੰਚਣ ਵਿੱਚ ਮੁਸ਼ਕਲ ਨਾ ਆਵੇ। ਇਸ ਫੈਸਲੇ ਨਾਲ ਪਿੰਡਾਂ ਅਤੇ ਸ਼ਹਿਰਾਂ ਦਰਮਿਆਨ ਸੰਪਰਕ ਮਜ਼ਬੂਤ ਹੋਵੇਗਾ।
1311 ਨਵੀਆਂ ਸਰਕਾਰੀ ਬੱਸਾਂ ਖਰੀਦਣ ਦਾ ਐਲਾਨ
ਇਸ ਮੌਕੇ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ 1311 ਨਵੀਆਂ ਸਰਕਾਰੀ ਬੱਸਾਂ ਵੀ ਖਰੀਦੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਯੋਗ ਬਣਾਉਣਾ ਹੈ ਅਤੇ ਟ੍ਰਾਂਸਪੋਰਟ ਖੇਤਰ ਵਿੱਚ ਇਹ ਕਦਮ ਉਸੇ ਦਿਸ਼ਾ ਵੱਲ ਇਕ ਮਜ਼ਬੂਤ ਪਹਲ ਹੈ।

