ਚੰਡੀਗੜ੍ਹ :- ਪੰਜਾਬ ਸਰਕਾਰ ਨੇ ਸੂਬੇ ਦੇ ਧਾਰਮਿਕ ਇਤਿਹਾਸ ਨਾਲ ਜੁੜੇ ਤਿੰਨ ਮਹੱਤਵਪੂਰਨ ਸ਼ਹਿਰਾਂ—ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ—ਨੂੰ ਸਰਕਾਰੀ ਤੌਰ ’ਤੇ ਪਵਿੱਤਰ ਸ਼ਹਿਰ ਘੋਸ਼ਿਤ ਕਰ ਦਿੱਤਾ ਹੈ। ਵਿਧਾਨ ਸਭਾ ਵਿੱਚ ਲਏ ਗਏ ਇਸ ਫੈਸਲੇ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਮਨਜ਼ੂਰੀ ਮਿਲਣ ਨਾਲ ਹੁਣ ਇਹ ਕਾਨੂੰਨੀ ਰੂਪ ਧਾਰ ਚੁੱਕਾ ਹੈ। ਇਸ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਏ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦੌਰਾਨ ਕੀਤਾ ਸੀ।
ਨਸ਼ੀਲੇ ਪਦਾਰਥਾਂ ’ਤੇ ਪੂਰਨ ਰੋਕ
ਪਵਿੱਤਰ ਸ਼ਹਿਰਾਂ ਦੇ ਦਰਜੇ ਨਾਲ ਹੀ ਇਨ੍ਹਾਂ ਤਿੰਨਾਂ ਸ਼ਹਿਰਾਂ ਵਿੱਚ ਸ਼ਰਾਬ, ਮਾਸ, ਤੰਬਾਕੂ ਅਤੇ ਹੋਰ ਸਾਰੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਵਰਤੋਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਗੂ ਕੀਤੀ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਸੰਗਤ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਲੰਬੇ ਸਮੇਂ ਤੋਂ ਉਠਾਈ ਜਾ ਰਹੀ ਮੰਗ ਦੇ ਮੱਦੇਨਜ਼ਰ ਲਿਆ ਗਿਆ ਹੈ।
ਸਫਾਈ, ਸੁਰੱਖਿਆ ਤੇ ਵਿਕਾਸ ’ਤੇ ਖਾਸ ਧਿਆਨ
ਸਰਕਾਰ ਇਨ੍ਹਾਂ ਸ਼ਹਿਰਾਂ ਵਿੱਚ ਸਫਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ, ਭੀੜ ਪ੍ਰਬੰਧਨ ਅਤੇ ਟ੍ਰੈਫਿਕ ਨਿਯੰਤਰਣ ਨੂੰ ਸੁਧਾਰਨ ਲਈ ਵਿਸ਼ੇਸ਼ ਯੋਜਨਾਵਾਂ ਲਾਗੂ ਕਰੇਗੀ। ਇਤਿਹਾਸਕ ਗਲੀਆਂ, ਧਾਰਮਿਕ ਮਾਰਗਾਂ ਅਤੇ ਸੈਰ-ਸਪਾਟੇ ਨਾਲ ਜੁੜੀਆਂ ਥਾਵਾਂ ਨੂੰ ਨਵਾਂ ਰੂਪ ਦੇਣ ਦੀ ਯੋਜਨਾ ਹੈ, ਤਾਂ ਜੋ ਸ਼ਰਧਾਲੂਆਂ ਨੂੰ ਸੁਚੱਜੀ ਸਹੂਲਤ ਮਿਲ ਸਕੇ।
ਧਾਰਮਿਕ ਮਰਿਆਦਾ ਦੀ ਸਖ਼ਤ ਪਾਲਣਾ
ਪਵਿੱਤਰ ਸ਼ਹਿਰਾਂ ਵਿੱਚ ਅਜਿਹੇ ਸਮਾਗਮਾਂ, ਇਸ਼ਤਿਹਾਰਾਂ ਜਾਂ ਗਤੀਵਿਧੀਆਂ ’ਤੇ ਰੋਕ ਹੋਵੇਗੀ ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹੋਣ। ਇਸ ਦੇ ਨਾਲ ਹੀ ਗੰਦਗੀ ਫੈਲਾਉਣ, ਬੇਤਰਤੀਬ ਪਾਰਕਿੰਗ ਅਤੇ ਅਣਸ਼ਾਸ਼ਤ ਵਿਵਹਾਰ ਖ਼ਿਲਾਫ਼ ਸਖ਼ਤ ਕਾਰਵਾਈ ਦੇ ਪ੍ਰਬੰਧ ਕੀਤੇ ਜਾਣਗੇ।
ਰੋਜ਼ਾਨਾ ਜ਼ਰੂਰਤਾਂ ਤੇ ਆਮ ਜੀਵਨ ਰਹੇਗਾ ਬਰਕਰਾਰ
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਫਲ, ਸਬਜ਼ੀਆਂ, ਦੁੱਧ, ਅਨਾਜ ਅਤੇ ਹੋਰ ਜ਼ਰੂਰੀ ਸਮਾਨ ਦੀ ਵਿਕਰੀ ’ਤੇ ਕੋਈ ਰੋਕ ਨਹੀਂ ਹੋਵੇਗੀ। ਸਥਾਨਕ ਨਿਵਾਸੀਆਂ ਦੀ ਰੋਜ਼ਾਨਾ ਜ਼ਿੰਦਗੀ, ਧਾਰਮਿਕ ਇਕੱਠਾਂ ਅਤੇ ਆਵਾਜਾਈ ਸੇਵਾਵਾਂ ਆਮ ਤਰ੍ਹਾਂ ਜਾਰੀ ਰਹਿਣਗੀਆਂ।
ਸਰਕਾਰ ਦਾ ਦਾਅਵਾ ਹੈ ਕਿ ਇਹ ਕਦਮ ਪੰਜਾਬ ਦੇ ਧਾਰਮਿਕ ਕੇਂਦਰਾਂ ਦੀ ਪਵਿੱਤਰਤਾ ਨੂੰ ਸੁਰੱਖਿਅਤ ਰੱਖਣ ਦੇ ਨਾਲ-ਨਾਲ ਸੱਭਿਆਚਾਰਕ ਪਛਾਣ ਅਤੇ ਧਾਰਮਿਕ ਸੈਰ-ਸਪਾਟੇ ਨੂੰ ਨਵੀਂ ਦਿਸ਼ਾ ਦੇਵੇਗਾ।

