ਸੀਨੀਅਰ ਅਕਾਲੀ ਆਗੂ ਬਿਕਰਮਜੀਤ ਮਜੀਠੀਆ 14 ਅਗਸਤ ਤੱਕ ਨਿਆਇਕ ਹਿਰਾਸਤ ‘ਚ, ਅਦਾਲਤ ਅੱਜ ਜ਼ਮਾਨਤ ‘ਤੇ ਸੁਣੇਗੀ ਦਲੀਲਾਂ
ਮੋਹਾਲੀ: ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਗ੍ਰਿਫ਼ਤਾਰ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਅੱਜ (ਵੀਰਵਾਰ) ਮੋਹਾਲੀ ਦੀ ਅਦਾਲਤ ‘ਚ ਸੁਣਵਾਈ ਹੋਣੀ ਹੈ। ਮਜੀਠੀਆ ਇਸ ਸਮੇਂ 14 ਅਗਸਤ ਤੱਕ ਨਿਆਇਕ ਹਿਰਾਸਤ ਵਿੱਚ ਹਨ। ਬੁੱਧਵਾਰ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ‘ਚ ਜ਼ਮਾਨਤ ਅਰਜ਼ੀ ‘ਤੇ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਅਗਲੀ ਤਾਰੀਖ ਅੱਜ ਲਈ ਨਿਰਧਾਰਤ ਕੀਤੀ ਸੀ।
ਵਕੀਲਾਂ ਨੇ ਦਲੀਲ ਦਿੱਤੀ– ਪੁੱਛਗਿੱਛ ਹੋ ਚੁੱਕੀ, ਹੁਣ ਜੇਲ੍ਹ ਵਿੱਚ ਰੱਖਣਾ ਜਾਇਜ਼ ਨਹੀਂ
ਮਜੀਠੀਆ ਦੇ ਵਕੀਲਾਂ ਵੱਲੋਂ ਅਦਾਲਤ ਵਿੱਚ ਇਹ ਦਲੀਲ ਪੇਸ਼ ਕੀਤੀ ਗਈ ਕਿ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਨਾਲ 11 ਦਿਨਾਂ ਤੱਕ ਗੰਭੀਰ ਪੁੱਛਗਿੱਛ ਕਰ ਲਈ ਹੈ, ਜਿਸ ਦੌਰਾਨ ਕੋਈ ਨਵਾਂ ਜਾਂ ਅਹਿਮ ਪੂਰਵਕ ਸਬੂਤ ਨਹੀਂ ਮਿਲਿਆ। ਵਕੀਲਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਜੇਲ੍ਹ ‘ਚ ਰੱਖਣਾ ਨਿਆਂਸੰਗਤ ਨਹੀਂ ਹੈ, ਅਤੇ ਇਹ ਕਾਰਵਾਈ ਸਿਆਸੀ ਰੰਜਿਸ਼ਾਂ ਦੇ ਤਹਿਤ ਕੀਤੀ ਜਾ ਰਹੀ ਹੈ।
ਇਨ੍ਹਾਂ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਜਿਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਦੀ ਰਿਪੋਰਟ ਦੇ ਆਧਾਰ ‘ਤੇ ਕੇਸ ਦਰਜ ਕੀਤਾ ਗਿਆ ਸੀ, ਉਸੇ ਰਿਪੋਰਟ ਨੂੰ ਸੁਪਰੀਮ ਕੋਰਟ ਪਹਿਲਾਂ ਹੀ ਖ਼ਾਰਜ ਕਰ ਚੁੱਕੀ ਹੈ। ਵਕੀਲਾਂ ਨੇ ਮਜੀਠੀਆ ਲਈ ਜ਼ਮਾਨਤ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਹਿਰਾਸਤ ‘ਚ ਰੱਖਣਾ ਇੱਕ ਅਨੁਚਿਤ ਕਦਮ ਹੋਵੇਗਾ।
ਹੁਣ ਅੱਜ ਦੀ ਅਦਾਲਤੀ ਸੁਣਵਾਈ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਅਦਾਲਤ ਮਜੀਠੀਆ ਨੂੰ ਰਾਹਤ ਦਿੰਦੀ ਹੈ ਜਾਂ ਹਿਰਾਸਤ ਵਧਾਈ ਜਾਂਦੀ ਹੈ।