ਯੂਕਰੇਨ :- ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੰਸਕੀ ਨੇ ਦੇਸ਼ ਦੀ ਆਰਥਿਕ ਮੁੜ ਉਸਾਰੀ ਨੂੰ ਨਵੀਂ ਦਿਸ਼ਾ ਦੇਣ ਲਈ ਕੈਨੇਡਾ ਦੀ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਆਪਣੀ ਆਰਥਿਕ ਵਿਕਾਸ ਸਲਾਹਕਾਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਸ ਐਲਾਨ ਨਾਲ ਹੀ ਅੰਤਰਰਾਸ਼ਟਰੀ ਸਿਆਸਤ ‘ਚ ਖਾਸ ਚਰਚਾ ਸ਼ੁਰੂ ਹੋ ਗਈ।
ਫਰੀਲੈਂਡ ਵਲੋਂ ਤੁਰੰਤ ਰਾਜਨੀਤਿਕ ਫੈਸਲਾ
ਜ਼ੈਲੰਸਕੀ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਕ੍ਰਿਸਟੀਆ ਫਰੀਲੈਂਡ ਨੇ ਕੈਨੇਡਾ ਦੀ ਸੰਸਦ ਮੈਂਬਰੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਉਸ ਨੇ ਐਕਸ ‘ਤੇ ਪੋਸਟ ਕਰਦਿਆਂ ਕਿਹਾ ਕਿ ਯੂਕਰੇਨ ਨਾਲ ਜੁੜੀ ਇਸ ਨਵੀਂ ਜ਼ਿੰਮੇਵਾਰੀ ਲਈ ਉਹ ਅਗਲੇ ਦਿਨਾਂ ‘ਚ ਆਪਣਾ ਅਸਤੀਫ਼ਾ ਅਧਿਕਾਰਕ ਤੌਰ ‘ਤੇ ਦੇਵੇਗੀ।
ਟਰੂਡੋ ਸਰਕਾਰ ‘ਚ ਅਹਿਮ ਭੂਮਿਕਾ
ਕ੍ਰਿਸਟੀਆ ਫਰੀਲੈਂਡ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਰਹਿ ਚੁੱਕੀ ਹੈ। ਉਸ ਸਮੇਂ ਯੂਕਰੇਨ ਨੂੰ ਵੱਡੇ ਪੱਧਰ ‘ਤੇ ਦਿੱਤੀ ਗਈ ਆਰਥਿਕ ਮਦਦ ਕਾਰਨ ਉਹ ਸਿਆਸੀ ਵਿਰੋਧ ਦੇ ਨਿਸ਼ਾਨੇ ‘ਤੇ ਵੀ ਰਹੀ।
ਕਾਰਨੀ ਸਰਕਾਰ ਲਈ ਅੰਕੜਿਆਂ ਦੀ ਚੁਣੌਤੀ
ਬੀਤੇ ਸਾਲ ਟਰਾਂਟੋ ਦੇ ਰੋਜ਼ਡੇਲ ਹਲਕੇ ਤੋਂ ਚੋਣ ਜਿੱਤਣ ਵਾਲੀ ਫਰੀਲੈਂਡ ਦੇ ਅਸਤੀਫੇ ਨਾਲ ਮਾਰਕ ਕਾਰਨੀ ਸਰਕਾਰ ਨੂੰ ਸੰਸਦੀ ਅੰਕੜਿਆਂ ‘ਚ ਝਟਕਾ ਲੱਗ ਸਕਦਾ ਹੈ। 342 ਮੈਂਬਰੀ ਸੰਸਦ ‘ਚ ਲਿਬਰਲ ਪਾਰਟੀ ਪਹਿਲਾਂ ਹੀ ਬਹੁਮਤ ਤੋਂ ਇਕ ਕਦਮ ਦੂਰ ਹੈ, ਜਿਸ ਨਾਲ ਸਿਆਸੀ ਸਥਿਰਤਾ ‘ਤੇ ਸਵਾਲ ਖੜੇ ਹੋ ਰਹੇ ਹਨ।

