ਅਮਰੀਕਾ :- ਅਮਰੀਕਾ ਭਾਰੀ ਠੰਡ ਅਤੇ ਬਰਫ਼ੀਲੇ ਤੂਫ਼ਾਨ ਦੀ ਚਪੇਟ ਵਿੱਚ ਆਇਆ ਹੋਇਆ ਹੈ। 23 ਜਨਵਰੀ ਤੋਂ ਸ਼ੁਰੂ ਹੋਈ ਇਸ ਭਿਆਨਕ ਸਰਦੀ ਨੇ ਦੇਸ਼ ਦੇ ਵੱਡੇ ਹਿੱਸੇ ਵਿੱਚ ਜਨਜੀਵਨ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ। ਹੁਣ ਤੱਕ 14 ਰਾਜਾਂ ਤੋਂ ਘੱਟੋ-ਘੱਟ 38 ਲੋਕਾਂ ਤੋਂ ਵੱਧ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਲੱਖਾਂ ਲੋਕ ਅਜੇ ਵੀ ਬਿਜਲੀ ਅਤੇ ਗਰਮੀ ਤੋਂ ਵੰਝੇ ਹੋਏ ਹਨ।
ਤੂਫ਼ਾਨ ਨੇ ਕਿਵੇਂ ਧਾਰਨ ਕੀਤਾ ਭਿਆਨਕ ਰੂਪ
ਮੌਸਮ ਵਿਭਾਗ ਅਨੁਸਾਰ 23 ਜਨਵਰੀ ਨੂੰ ਬਣਿਆ ਇਹ ਸਰਦੀਆਂ ਦਾ ਤੂਫ਼ਾਨ ਕੁਝ ਹੀ ਦਿਨਾਂ ਵਿੱਚ ਮੱਧ ਅਤੇ ਪੂਰਬੀ ਅਮਰੀਕਾ ਤੱਕ ਫੈਲ ਗਿਆ। ਭਾਰੀ ਬਰਫ਼ਬਾਰੀ, ਤੇਜ਼ ਹਵਾਵਾਂ ਅਤੇ ਮਾਇਨਸ ਤਾਪਮਾਨ ਕਾਰਨ ਸੜਕਾਂ ਬਰਫ਼ ਦੀ ਚਾਦਰ ਹੇਠ ਦੱਬ ਗਈਆਂ। ਕਈ ਰਾਜਾਂ ਵਿੱਚ ਹਾਈਵੇਅ ਬੰਦ ਕਰਨੇ ਪਏ, ਜਦਕਿ ਹਜ਼ਾਰਾਂ ਉਡਾਣਾਂ ਰੱਦ ਹੋਣ ਕਾਰਨ ਹਵਾਈ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ।
26 ਜਨਵਰੀ ਤੋਂ ਬਾਅਦ ਭਾਵੇਂ ਬਰਫ਼ਬਾਰੀ ਕੁਝ ਹੱਦ ਤੱਕ ਘੱਟੀ, ਪਰ ਖ਼ਤਰਨਾਕ ਠੰਢੀ ਲਹਿਰ ਅਜੇ ਵੀ ਜਾਰੀ ਹੈ। 27 ਜਨਵਰੀ ਤੱਕ ਪੰਜ ਲੱਖ ਪੰਜਾਹ ਹਜ਼ਾਰ ਤੋਂ ਵੱਧ ਘਰਾਂ ਅਤੇ ਕਾਰੋਬਾਰਾਂ ਵਿੱਚ ਬਿਜਲੀ ਬੰਦ ਰਹੀ।
ਨਿਊਯਾਰਕ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ
ਨਿਊਯਾਰਕ ਸਿਟੀ ਵਿੱਚ ਹਾਲਾਤ ਸਭ ਤੋਂ ਗੰਭੀਰ ਬਣੇ ਰਹੇ। ਇੱਥੇ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ਦਾ ਤਾਪਮਾਨ ਮਨਫ਼ੀ 13 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜੋ ਪਿਛਲੇ ਅੱਠ ਸਾਲਾਂ ਵਿੱਚ ਸਭ ਤੋਂ ਠੰਡਾ ਦਿਨ ਦਰਜ ਕੀਤਾ ਗਿਆ।
ਸ਼ਹਿਰ ਪ੍ਰਸ਼ਾਸਨ ਮੁਤਾਬਕ ਮ੍ਰਿਤਕ ਜ਼ਿਆਦਾਤਰ ਖੁੱਲ੍ਹੀ ਥਾਂ ਤੋਂ ਮਿਲੇ ਹਨ। ਕੁਝ ਲੋਕ ਪਹਿਲਾਂ ਬੇਘਰ ਆਸਰਾ ਪ੍ਰਣਾਲੀ ਨਾਲ ਜੁੜੇ ਹੋਏ ਸਨ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਾਲਾਨਾ ਬੇਘਰ ਗਿਣਤੀ ਨੂੰ ਅਸਥਾਈ ਤੌਰ ‘ਤੇ ਟਾਲ ਦਿੱਤਾ ਹੈ। ਪਿਛਲੇ ਕੁਝ ਦਿਨਾਂ ਵਿੱਚ ਕਰੀਬ 500 ਲੋਕਾਂ ਨੂੰ ਸ਼ੈਲਟਰਾਂ ਵਿੱਚ ਸ਼ਿਫਟ ਕੀਤਾ ਗਿਆ ਹੈ, ਜਦਕਿ ਉੱਚ ਸਿਹਤ ਖ਼ਤਰੇ ਵਾਲੇ ਸੈਂਕੜੇ ਲੋਕਾਂ ਦੀ ਨਿਯਮਤ ਜਾਂਚ ਕੀਤੀ ਜਾ ਰਹੀ ਹੈ।
ਨੈਸ਼ਵਿਲ ਵਿੱਚ ਐਮਰਜੈਂਸੀ ਵਰਗੇ ਹਾਲਾਤ
ਟੈਨੇਸੀ ਦੇ ਨੈਸ਼ਵਿਲ ਸ਼ਹਿਰ ਵਿੱਚ ਠੰਡ ਨੇ ਰਿਕਾਰਡ ਤੋੜ ਦਿੱਤਾ ਹੈ। ਇੱਥੇ ਤਾਪਮਾਨ ਮਨਫ਼ੀ 14 ਡਿਗਰੀ ਤੱਕ ਜਾਣ ਦੀ ਸੰਭਾਵਨਾ ਜਤਾਈ ਗਈ ਹੈ। ਇੱਕ ਲੱਖ ਪੈਂਤੀਹ ਹਜ਼ਾਰ ਤੋਂ ਵੱਧ ਘਰ ਅਤੇ ਦੁਕਾਨਾਂ ਬਿਜਲੀ ਤੋਂ ਬਿਨਾਂ ਹਨ।
ਸ਼ਹਿਰ ਦੇ ਤਿੰਨੇ ਮੁੱਖ ਸ਼ੈਲਟਰ ਪੂਰੀ ਤਰ੍ਹਾਂ ਭਰ ਚੁੱਕੇ ਹਨ ਅਤੇ ਵਾਧੂ ਆਸਰਾ ਕੇਂਦਰ ਵੀ ਖੋਲ੍ਹਣੇ ਪਏ ਹਨ। ਪੁਲਿਸ, ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਟੀਮਾਂ ਲਗਾਤਾਰ ਓਵਰਟਾਈਮ ਡਿਊਟੀ ਨਿਭਾ ਰਹੀਆਂ ਹਨ। ਸਹਾਇਤਾ ਸੰਸਥਾਵਾਂ ਅਨੁਸਾਰ ਇਸ ਸਰਦੀ ਦੌਰਾਨ ਸ਼ੈਲਟਰਾਂ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਆਮ ਦਿਨਾਂ ਨਾਲੋਂ ਕਈ ਗੁਣਾ ਵੱਧ ਗਈ ਹੈ।
ਮੌਤਾਂ ਦੇ ਵੱਖ-ਵੱਖ ਕਾਰਨ ਆਏ ਸਾਹਮਣੇ
ਅਧਿਕਾਰੀਆਂ ਮੁਤਾਬਕ ਤੂਫ਼ਾਨ ਨਾਲ ਹੋਈਆਂ ਮੌਤਾਂ ਦੇ ਕਾਰਨ ਵੱਖ-ਵੱਖ ਹਨ। ਕਈ ਲੋਕ ਹਾਈਪੋਥਰਮੀਆ ਕਾਰਨ ਦਮ ਤੋੜ ਗਏ, ਕੁਝ ਦੀ ਮੌਤ ਬਰਫ਼ ਹਟਾਉਂਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਹੋਈ, ਜਦਕਿ ਕਈ ਥਾਵਾਂ ‘ਤੇ ਫਿਸਲਣ ਅਤੇ ਸੜਕ ਹਾਦਸਿਆਂ ਨੇ ਜਾਨਾਂ ਲੈ ਲਈਆਂ।
ਟੈਕਸਾਸ ਦੇ ਬੋਨਹੈਮ ਸ਼ਹਿਰ ਵਿੱਚ ਜੰਮੀ ਹੋਈ ਝੀਲ ਵਿੱਚ ਡਿੱਗਣ ਨਾਲ ਤਿੰਨ ਨਿੱਕੇ ਬੱਚਿਆਂ ਦੀ ਮੌਤ ਹੋ ਗਈ। ਆਸਟਿਨ ਵਿੱਚ ਇੱਕ ਵਿਅਕਤੀ ਬੰਦ ਗੈਸ ਸਟੇਸ਼ਨ ਵਿੱਚ ਪਨਾਹ ਲੈਣ ਦੀ ਕੋਸ਼ਿਸ਼ ਕਰਦਾ ਹੋਇਆ ਠੰਡ ਕਾਰਨ ਜਾਨ ਗੁਆ ਬੈਠਾ। ਕੰਸਾਸ, ਕੈਂਟਕੀ, ਲੁਈਜ਼ੀਆਨਾ, ਮਿਸੀਸਿਪੀ, ਦੱਖਣੀ ਕੈਰੋਲੀਨਾ, ਟੈਨੇਸੀ ਅਤੇ ਮਿਸ਼ੀਗਨ ਤੋਂ ਵੀ ਠੰਡ ਨਾਲ ਸਬੰਧਤ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ।
ਹਾਲਾਤ ਅਜੇ ਵੀ ਚਿੰਤਾਜਨਕ
ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਤਾਪਮਾਨ ਨਾਰਮਲ ਤੋਂ ਕਾਫ਼ੀ ਹੇਠਾਂ ਰਹੇਗਾ। ਅਧਿਕਾਰੀਆਂ ਲੋਕਾਂ ਨੂੰ ਘਰਾਂ ਵਿੱਚ ਰਹਿਣ, ਬਿਨਾਂ ਲੋੜ ਯਾਤਰਾ ਤੋਂ ਬਚਣ ਅਤੇ ਬੇਘਰ ਲੋਕਾਂ ਦੀ ਮਦਦ ਕਰਨ ਦੀ ਅਪੀਲ ਕਰ ਰਹੇ ਹਨ।
ਸਰਦੀਆਂ ਦਾ ਇਹ ਤੂਫ਼ਾਨ ਅਮਰੀਕਾ ਲਈ ਸਿਰਫ਼ ਮੌਸਮੀ ਆਫ਼ਤ ਹੀ ਨਹੀਂ, ਸਗੋਂ ਮਨੁੱਖੀ ਜਾਨਾਂ ਲਈ ਵੱਡੀ ਚੇਤਾਵਨੀ ਬਣ ਕੇ ਸਾਹਮਣੇ ਆਇਆ ਹੈ।

