ਨਵੀਂ ਦਿੱਲੀ :- ਈਰਾਨ ਅਤੇ ਅਮਰੀਕਾ–ਇਜ਼ਰਾਈਲ ਦਰਮਿਆਨ ਜਾਰੀ ਟਕਰਾਅ ਨੇ ਗੰਭੀਰ ਰੂਪ ਧਾਰ ਲਿਆ ਹੈ। ਹਾਲਾਤਾਂ ਨੂੰ ਦੇਖਦਿਆਂ ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਮੱਧ ਪੂਰਬ ਦੇ ਕਈ ਦੇਸ਼ਾਂ ਤੋਂ ਨਿਕਲ ਜਾਣ ਦੀ ਅਪੀਲ ਕੀਤੀ ਹੈ। ਇਹ ਕਦਮ ਉਸ ਵੇਲੇ ਚੁੱਕਿਆ ਗਿਆ ਹੈ ਜਦੋਂ ਖੇਤਰ ਵਿੱਚ ਲਗਾਤਾਰ ਹਵਾਈ ਹਮਲਿਆਂ ਕਾਰਨ ਸੁਰੱਖਿਆ ਸਥਿਤੀ ਅਸਥਿਰ ਬਣੀ ਹੋਈ ਹੈ।
ਕਿਹੜੇ ਦੇਸ਼ਾਂ ਲਈ ਜਾਰੀ ਹੋਏ ਨਿਰਦੇਸ਼
ਕੌਂਸਲਰ ਮਾਮਲਿਆਂ ਦੀ ਸਹਾਇਕ ਵਿਦੇਸ਼ ਮੰਤਰੀ ਮੋਰਾ ਨਾਮਦਾਰ ਨੇ ਦੱਸਿਆ ਕਿ ਅਮਰੀਕੀ ਨਾਗਰਿਕ ਉਪਲਬਧ ਵਪਾਰਕ ਸਾਧਨਾਂ ਰਾਹੀਂ ਤੁਰੰਤ ਬਹਿਰੀਨ, ਮਿਸਰ, ਈਰਾਨ, ਇਰਾਕ, ਇਜ਼ਰਾਈਲ, ਪੱਛਮੀ ਕੰਢਾ ਅਤੇ ਗਾਜ਼ਾ ਖੇਤਰ, ਜਾਰਡਨ, ਕੁਵੈਤ, ਲੇਬਨਾਨ, ਓਮਾਨ, ਕਤਰ, ਸਾਊਦੀ ਅਰਬ, ਸੀਰੀਆ, ਸੰਯੁਕਤ ਅਰਬ ਅਮੀਰਾਤ ਅਤੇ ਯਮਨ ਨੂੰ ਛੱਡ ਦੇਣ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਗੰਭੀਰ ਸੁਰੱਖਿਆ ਖਤਰਿਆਂ ਦੇ ਮੱਦੇਨਜ਼ਰ ਇਹ ਸਲਾਹ ਦਿੱਤੀ ਗਈ ਹੈ ਅਤੇ ਲੋਕ ਦੇਰੀ ਨਾ ਕਰਨ।
ਮਾਰਕੋ ਰੂਬੀਓ ਦਾ ਬਿਆਨ, ਸੁਰੱਖਿਆ ਪਹਿਲੀ ਤਰਜੀਹ
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਪਰੋਕਤ ਦੇਸ਼ਾਂ ਵਿੱਚ ਰਹਿ ਰਹੇ ਅਮਰੀਕੀ ਨਾਗਰਿਕ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਉਪਲਬਧ ਵਪਾਰਕ ਉਡਾਣਾਂ ਜਾਂ ਹੋਰ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰਕੇ ਵਾਪਸ ਆਉਣ।
ਟਰੰਪ ਦੀ ਚੇਤਾਵਨੀ, ਹੋਰ ਵੱਡੇ ਹਮਲਿਆਂ ਦੇ ਸੰਕੇਤ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਖ਼ਿਲਾਫ਼ ਹੋਰ ਸਖ਼ਤ ਕਦਮ ਚੁੱਕਣ ਦੇ ਇਸ਼ਾਰੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇ ਹਾਲਾਤ ਕਾਬੂ ਵਿੱਚ ਨਾ ਆਏ ਤਾਂ ਵੱਡੇ ਪੱਧਰ ‘ਤੇ ਕਾਰਵਾਈ ਤੋਂ ਵੀ ਹਿਚਕਿਚਾਇਆ ਨਹੀਂ ਜਾਵੇਗਾ ਅਤੇ ਜ਼ਰੂਰਤ ਪਈ ਤਾਂ ਜ਼ਮੀਨੀ ਫੌਜ ਵੀ ਤਾਇਨਾਤ ਕੀਤੀ ਜਾ ਸਕਦੀ ਹੈ।
ਖਾਮੇਨੇਈ ਦੀ ਮੌਤ ਤੋਂ ਬਾਅਦ ਹਾਲਾਤ ਵਿਗੜੇ
28 ਫਰਵਰੀ ਨੂੰ ਹੋਏ ਹਮਲਿਆਂ ਦੌਰਾਨ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੇਈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਕਈ ਰੱਖਿਆ ਅਧਿਕਾਰੀਆਂ ਦੇ ਮਾਰੇ ਜਾਣ ਦੀ ਖ਼ਬਰ ਆਈ ਸੀ। ਇਸ ਤੋਂ ਬਾਅਦ ਖੇਤਰ ਵਿੱਚ ਹਿੰਸਾ ਅਤੇ ਜਵਾਬੀ ਹਮਲੇ ਤੇਜ਼ ਹੋ ਗਏ ਹਨ। ਰਿਪੋਰਟਾਂ ਮੁਤਾਬਕ 130 ਤੋਂ ਵੱਧ ਈਰਾਨੀ ਸ਼ਹਿਰਾਂ ‘ਚ ਬੰਬਾਰੀ ਹੋਈ ਹੈ ਅਤੇ ਮੌਤਾਂ ਦੀ ਗਿਣਤੀ 555 ਤੋਂ ਉੱਪਰ ਦੱਸੀ ਜਾ ਰਹੀ ਹੈ।
ਖੇਤਰ ਵਿੱਚ ਅਣਿਸ਼ਚਿਤਤਾ, ਦੁਨੀਆ ਦੀ ਨਿਗਾਹ ਟਿਕੀ
ਚੌਥੇ ਦਿਨ ਵਿੱਚ ਦਾਖਲ ਹੋ ਚੁੱਕੇ ਇਸ ਸੰਘਰਸ਼ ਨੇ ਮੱਧ ਪੂਰਬ ਦੀ ਸੁਰੱਖਿਆ ਸਥਿਤੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅੰਤਰਰਾਸ਼ਟਰੀ ਭਾਈਚਾਰਾ ਹਾਲਾਤਾਂ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਕਿਸ ਪਾਸੇ ਮੋੜ ਲੈਂਦੀ ਹੈ, ਇਸ ‘ਤੇ ਸਭ ਦੀ ਨਿਗਾਹ ਟਿਕੀ ਹੋਈ ਹੈ।

