ਨਵੀਂ ਦਿੱਲੀ :- ਯੂਕਰੇਨ ਯੁੱਧ ਨੂੰ ਲੈ ਕੇ ਵਧ ਰਹੇ ਭੂ-ਰਾਜਨੀਤਕ ਤਣਾਅ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਖ਼ਿਲਾਫ਼ ਵੱਡਾ ਫ਼ੈਸਲਾ ਲੈਂਦੇ ਹੋਏ ਉਸ ਦੀਆਂ ਦੋ ਸਭ ਤੋਂ ਵੱਡੀਆਂ ਤੇਲ ਕੰਪਨੀਆਂ ‘ਤੇ ਕੜੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਇਹ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਰੂਸ ਉੱਤੇ ਲਗਾਈ ਗਈ ਸਭ ਤੋਂ ਵੱਡੀ ਆਰਥਿਕ ਕਾਰਵਾਈ ਮੰਨੀ ਜਾ ਰਹੀ ਹੈ।
ਪਾਬੰਦੀਆਂ ਦੇ ਐਲਾਨ ਨਾਲ ਤੇਲ ਦੀਆਂ ਕੀਮਤਾਂ ‘ਚ ਤੇਜ਼ ਵਾਧਾ
ਪਾਬੰਦੀਆਂ ਦੀ ਘੋਸ਼ਣਾ ਤੁਰੰਤ ਬਾਅਦ ਗਲੋਬਲ ਮਾਰਕੀਟ ਵਿੱਚ ਸਪਲਾਈ ਨੂੰ ਲੈ ਕੇ ਅਣਿਸ਼ਚਿਤਤਾ ਵਧ ਗਈ ਹੈ। ਵਿਸ਼ਵ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਭਗ 5 ਪ੍ਰਤੀਸ਼ਤ ਦਾ ਉਛਾਲ ਦਰਜ ਕੀਤਾ ਗਿਆ।
ਪੁਤਿਨ ਦੇ ਬਿਆਨ ‘ਤੇ ਟਰੰਪ ਦਾ ਤੰਜ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਹਿਲਾਂ ਹੀ ਕਹਿ ਕੇ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਦਾ “ਅਸਰ ਪੈਣਾ ਮੁਸ਼ਕਿਲ ਹੈ”। ਪਰ ਇਸ ‘ਤੇ ਵਾਈਟ ਹਾਊਸ ‘ਚ ਟਰੰਪ ਨੇ ਤਨਜ਼ ਕਰਦਿਆਂ ਕਿਹਾ ਕਿ “ਛੇ ਮਹੀਨੇ ਬਾਅਦ ਪਤਾ ਲੱਗ ਜਾਵੇਗਾ ਕਿ ਅਸਰ ਪਿਆ ਜਾਂ ਨਹੀਂ।
”ਕਿਹੜੀਆਂ ਕੰਪਨੀਆਂ ਨਿਸ਼ਾਨੇ ‘ਤੇ
ਇਨ੍ਹਾਂ ਪਾਬੰਦੀਆਂ ਦੇ ਦਾਇਰੇ ‘ਚ ਰੂਸ ਦੀਆਂ ਦੋ ਵੱਡੀਆਂ ਤੇਲ ਕੰਪਨੀਆਂ— Rosneft ਅਤੇ Lukoil—ਸਿੱਧੇ ਤੌਰ ‘ਤੇ ਆ ਗਈਆਂ ਹਨ।
ਹੁਣ ਇਹ ਕੰਪਨੀਆਂ ਅਮਰੀਕੀ ਡਾਲਰ ਅਧਾਰਿਤ ਗਲੋਬਲ ਭੁਗਤਾਨ ਪ੍ਰਣਾਲੀ ਤੋਂ ਕੱਟੀਆਂ ਜਾਣਗੀਆਂ।
ਭਾਰਤ ਤੇ ਚੀਨ ‘ਤੇ ਵੀ ਪਵੇਗਾ ਅਸਰ
ਰੂਸੀ ਤੇਲ ਦੇ ਵੱਡੇ ਖਰੀਦਦਾਰ ਹੋਣ ਕਰਕੇ ਭਾਰਤ ਅਤੇ ਚੀਨ ਨੂੰ ਵੀ ਇਸ ਫ਼ੈਸਲੇ ਦਾ ਆਰਥਿਕ ਝਟਕਾ ਲੱਗ ਸਕਦਾ ਹੈ।
ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਰੂਸ ਤੋਂ ਹੋ ਰਹੇ ਆਯਾਤ ਵਿੱਚ ਕਟੌਤੀ ਕਰਨ ‘ਤੇ ਵਿਚਾਰ ਕਰ ਰਿਹਾ ਹੈ, ਹਾਲਾਂਕਿ ਭਾਰਤੀ ਸਰਕਾਰ ਵੱਲੋਂ ਅਜੇ ਤੱਕ ਇਸਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ।
ਦੋਵੇਂ ਦੇਸ਼ਾਂ ਦੇ refiners ਇਸ ਵੇਲੇ “ਇੰਤਜ਼ਾਰ ਅਤੇ ਸਮੀਖਿਆ” ਦੇ ਮੋਡ ‘ਚ ਹਨ।
ਬੁਡਾਪੇਸਟ ਵਾਲੀ ਬੈਠਕ ਰੱਦ
ਪਾਬੰਦੀਆਂ ਦੇ ਐਲਾਨ ਤੋਂ ਬਾਅਦ ਟਰੰਪ ਨੇ ਬੁਡਾਪੇਸਟ ਵਿੱਚ ਪੁਤਿਨ ਨਾਲ ਤੈਅ ਹੋਣ ਵਾਲੀ ਸੰਭਾਵਿਤ ਮੀਟਿੰਗ ਵੀ ਰੱਦ ਕਰ ਦਿੱਤੀ। ਟਰੰਪ ਦਾ ਕਹਿਣਾ ਸੀ ਕਿ “ਇਸ ਵੇਲੇ ਅਜਿਹੀ ਬੈਠਕ ਨਤੀਜੇ ਨਹੀਂ ਦੇਵੇਗੀ,” ਹਾਲਾਂਕਿ ਭਵਿੱਖ ਵਿਚ ਗੱਲਬਾਤ ਮੁੜ ਸ਼ੁਰੂ ਕਰਨ ਦੇ ਸੰਕੇਤ ਵੀ ਦਿੱਤੇ ਗਏ ਹਨ।

