ਨਵੀਂ ਦਿੱਲੀ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਭਰ ਦੇ ਖੇਤੀਬਾੜੀ ਬਾਜ਼ਾਰਾਂ ਨੂੰ ਹਿਲਾ ਦੇਣ ਵਾਲਾ ਸੰਕੇਤ ਦਿੱਤਾ ਹੈ। ਵ੍ਹਾਈਟ ਹਾਊਸ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਸਸਤੇ ਆਯਾਤ ਕਾਰਨ ਅਮਰੀਕੀ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਖ਼ਾਸ ਤੌਰ ’ਤੇ ਭਾਰਤੀ, ਵੀਅਤਨਾਮੀ ਅਤੇ ਥਾਈ ਚੌਲਾਂ ਨੂੰ ‘ਡੰਪਿੰਗ’ ਦੀ ਸ਼੍ਰੇਣੀ ਵਿੱਚ ਰੱਖ ਕੇ ਆਲੋਚਨਾ ਕੀਤੀ। ਹਾਲਾਂਕਿ, ਉਨ੍ਹਾਂ ਨੇ ਅਜੇ ਤੱਕ ਕਿਸੇ ਨਵੀਂ ਟੈਰਿਫ ਲਾਈਨ ਜਾਂ ਦਰ ਦਾ ਐਲਾਨ ਨਹੀਂ ਕੀਤਾ, ਪਰ ਸਖ਼ਤ ਕਦਮ ਚੁੱਕਣ ਦੀ ਸੰਭਾਵਨਾ ਜ਼ਰੂਰ ਜਤਾਈ।
ਭਾਰਤੀ ਚੌਲ ਕੰਪਨੀਆਂ ਦੇ ਸ਼ੇਅਰ ਲੁੜਕਣ ਲੱਗੇ
ਟਰੰਪ ਦੇ ਬਿਆਨ ਦਾ ਤੁਰੰਤ ਅਸਰ ਭਾਰਤੀ ਬਾਸਮਤੀ ਚੌਲ ਕੰਪਨੀਆਂ ਦੇ ਸ਼ੇਅਰਾਂ ’ਤੇ ਪਇਆ। ਮੰਗਲਵਾਰ ਸਵੇਰ ਦੀ ਕਾਰੋਬਾਰੀ ਘੜੀ ਵਿੱਚ KRBL ਅਤੇ LT ਫੂਡਜ਼ ਦੇ ਸ਼ੇਅਰ 6 ਪ੍ਰਤੀਸ਼ਤ ਤੱਕ ਫਿਸਲ ਗਏ।
-
KRBL (India Gate Basmati): ਕੰਪਨੀ ਨੇ ਸਪੱਸ਼ਟ ਕੀਤਾ ਕਿ ਭਾਰਤੀ ਚੌਲਾਂ ’ਤੇ ਪਹਿਲਾਂ ਹੀ 50 ਫ਼ੀਸਦੀ ਇੰਪੋਰਟ ਡਿਊਟੀ ਲੱਗੀ ਹੋਈ ਹੈ ਅਤੇ ਅਮਰੀਕਾ ਇਸਦੇ ਕੁੱਲ ਵਪਾਰ ਵਿੱਚ ਬਹੁਤ ਹੀ ਛੋਟਾ ਹਿੱਸਾ ਰੱਖਦਾ ਹੈ। ਇਸ ਲਈ ਸੰਭਾਵੀ ਨਵੇਂ ਟੈਰਿਫ ਇਸਦੇ ਕਾਰੋਬਾਰ ’ਤੇ ਵੱਡਾ ਬੋਝ ਨਹੀਂ ਪਾਉਣਗੇ।
-
LT ਫੂਡਜ਼ (Daawat Basmati): ਇਸਦੇ ਉਲਟ LT ਫੂਡਜ਼ ਉੱਤਰੀ ਅਮਰੀਕੀ ਬਾਜ਼ਾਰ ਦਾ ਮੁੱਖ ਖਿਡਾਰੀ ਹੈ। ਕੰਪਨੀ ਦੀ ਆਮਦਨ ਦਾ 46 ਪ੍ਰਤੀਸ਼ਤ ਹਿੱਸਾ ਨਾਰਥ ਅਮਰੀਕਾ ਤੋਂ ਆਉਂਦਾ ਹੈ, ਜਿੱਥੇ ਇਸਦੀ ਬਾਸਮਤੀ ਸ਼੍ਰੇਣੀ 61 ਪ੍ਰਤੀਸ਼ਤ ਮਾਰਕੀਟ ਹਿੱਸੇ ਨਾਲ ਸਿਰੇ ’ਤੇ ਹੈ। ਇਸ ਕਾਰਨ ਨਵੇਂ ਟੈਰਿਫ ਦੀ ਸੰਭਾਵਨਾ ਨੇ ਨਿਵੇਸ਼ਕਾਂ ਦੀ ਚਿੰਤਾ ਵਧਾਈ ਅਤੇ ਸ਼ੇਅਰਾਂ ਵਿੱਚ ਤਿੱਖੀ ਗਿਰਾਵਟ ਆਈ।
ਦੋਪੱਖੀ ਵਪਾਰਕ ਗੱਲਬਾਤ ਤੋਂ ਪਹਿਲਾਂ ਦਬਾਅ ਵਧਿਆ
ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰੀਕੀ ਵਪਾਰ ਪ੍ਰਤੀਨਿਧੀ ਦੇ ਡਿਪਟੀ ਅੰਬੈਸਡਰ ਰਿਕ ਸਵਿਟਜ਼ਰ 10–11 ਦਸੰਬਰ ਨੂੰ ਨਵੀਂ ਦਿੱਲੀ ਦੌਰੇ ’ਤੇ ਪਹੁੰਚਣ ਵਾਲੇ ਹਨ। ਇਨ੍ਹਾਂ ਮੀਟਿੰਗਾਂ ਵਿੱਚ ਖੇਤੀਬਾੜੀ ਉਤਪਾਦਾਂ ’ਤੇ ਆਯਾਤ ਡਿਊਟੀ ਮੁੱਦੇ ਨੂੰ ਕੇਂਦਰੀ ਸਥਾਨ ਮਿਲਣ ਦੀ ਸੰਭਾਵਨਾ ਹੈ।
ਵਰਤਮਾਨ ਵਿੱਚ ਭਾਰਤੀ ਚੌਲਾਂ ’ਤੇ 50 ਫੀਸਦੀ ਡਿਊਟੀ ਲੱਗੀ ਹੈ, ਪਰ ਟਰੰਪ ਦੇ ਤਾਜ਼ਾ ਬਿਆਨ ਨੇ ਸਿਰਫ਼ ਚੌਲ ਉਦਯੋਗ ਹੀ ਨਹੀਂ, ਸਗੋਂ ਕੈਨੇਡੀਅਨ ਪੋਟਾਸ਼ ਵਰਗੇ ਖਾਦਾਂ ਦੇ ਵਿਸ਼ਵ ਵਪਾਰ ’ਚ ਚਿੰਤਾ ਪੈਦਾ ਕਰ ਦਿੱਤੀ ਹੈ।
ਵਿਸ਼ਲੇਸ਼ਕਾਂ ਦੀ ਨਜ਼ਰ, ਕਦਮ ਰਣਨੀਤਿਕ ਜਾਂ ਦਬਾਅ ਤਕਨੀਕ?
ਵਪਾਰਕ ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਦੇ ਇਹ ਸੰਕੇਤ ਦੋਪੱਖੀ ਵਾਰਤਾਂ ਤੋਂ ਪਹਿਲਾਂ ਰਣਨੀਤਿਕ ਦਬਾਅ ਬਣਾਉਣ ਦੀ ਕੋਸ਼ਿਸ਼ ਹੋ ਸਕਦੇ ਹਨ। ਹਾਲਾਂਕਿ, ਜੇਕਰ ਨਵੇਂ ਟੈਰਿਫ ਲਗਦੇ ਹਨ ਤਾਂ ਭਾਰਤੀ ਖੇਤੀਬਾੜੀ ਨਿਰਯਾਤਕਾਂ ਲਈ ਅਮਰੀਕੀ ਬਾਜ਼ਾਰ ਕਾਫ਼ੀ ਮਹਿੰਗਾ ਹੋ ਸਕਦਾ ਹੈ।

