ਅਮਰੀਕਾ :- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ‘ਤੇ ਇਕ ਐਸਾ ਦਾਅਵਾ ਕੀਤਾ ਹੈ, ਜਿਸ ਨਾਲ ਵਿਸ਼ਵ ਰਾਜਨੀਤੀ ‘ਚ ਖਲਬਲੀ ਮਚ ਗਈ ਹੈ। ਬੀਤੇ ਦਿਨ ਟਰੰਪ ਦਾ ਕਹਿਣਾ ਸੀ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਇਕ ਤਸਵੀਰ ਵੀ ਸਾਹਮਣੇ ਆਈ ਹੈ, ਜਿਸਨੂੰ ਉਹ “ਪਹਿਲੀ ਤਸਵੀਰ” ਦੱਸ ਰਹੇ ਹਨ।
ਅਮਰੀਕੀ ਨੇਵੀ ਦੇ ਜੰਗੀ ਬੇੜੇ ‘ਤੇ ਦਿਖਾਏ ਗਏ ਮਾਦੁਰੋ
ਟਰੰਪ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਇਸ ‘ਚ ਨਿਕੋਲਸ ਮਾਦੁਰੋ ਅਮਰੀਕੀ ਨੇਵੀ ਦੇ ਜੰਗੀ ਬੇੜੇ ‘USS Iwo Jima’ ‘ਤੇ ਨਜ਼ਰ ਆ ਰਹੇ ਹਨ। ਟਰੰਪ ਮੁਤਾਬਕ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਹੈਲੀਕਾਪਟਰ ਰਾਹੀਂ ਵੈਨੇਜ਼ੁਏਲਾ ਤੋਂ ਬਾਹਰ ਕੱਢ ਕੇ ਸਿੱਧਾ ਅਮਰੀਕੀ ਜੰਗੀ ਜਹਾਜ਼ ‘ਤੇ ਲਿਆਂਦਾ ਗਿਆ। ਦਾਅਵੇ ਅਨੁਸਾਰ ਇਸ ਸਮੇਂ ਉਹ ਸਮੁੰਦਰ ‘ਚ ਮੌਜੂਦ ਜਹਾਜ਼ ‘ਤੇ ਹਨ ਅਤੇ ਅਗਲਾ ਪੜਾਅ ਉਨ੍ਹਾਂ ਨੂੰ ਨਿਊਯਾਰਕ ਲਿਜਾਣ ਦਾ ਹੈ।
ਅਮਰੀਕਾ ‘ਚ ਸੰਘੀ ਦੋਸ਼ਾਂ ਹੇਠ ਮੁਕੱਦਮੇ ਦੀ ਗੱਲ
ਟਰੰਪ ਨੇ ਫੌਕਸ ਨਿਊਜ਼ ਨਾਲ ਟੈਲੀਫ਼ੋਨਿਕ ਗੱਲਬਾਤ ਦੌਰਾਨ ਇਹ ਵੀ ਕਿਹਾ ਕਿ ਮਾਦੁਰੋ ‘ਤੇ ਅਮਰੀਕਾ ‘ਚ ਸੰਘੀ ਕਾਨੂੰਨਾਂ ਤਹਿਤ ਅਪਰਾਧਿਕ ਮੁਕੱਦਮਾ ਚਲਾਇਆ ਜਾਵੇਗਾ। ਉਨ੍ਹਾਂ ਯਾਦ ਦਿਵਾਇਆ ਕਿ ਅਮਰੀਕਾ ਕਾਫ਼ੀ ਸਮੇਂ ਤੋਂ ਮਾਦੁਰੋ ਸਰਕਾਰ ‘ਤੇ ਭ੍ਰਿਸ਼ਟਾਚਾਰ, ਨਸ਼ਾ ਤਸਕਰੀ ਅਤੇ ਲੋਕਤੰਤਰਕ ਢਾਂਚੇ ਨੂੰ ਕਮਜ਼ੋਰ ਕਰਨ ਵਰਗੇ ਗੰਭੀਰ ਇਲਜ਼ਾਮ ਲਗਾਉਂਦਾ ਆ ਰਿਹਾ ਹੈ।
ਰਸਮੀ ਪੁਸ਼ਟੀ ਨਾ ਹੋਣ ਕਾਰਨ ਸਵਾਲ ਕਾਇਮ
ਭਾਵੇਂ ਟਰੰਪ ਦੇ ਦਾਅਵੇ ਨੇ ਦੁਨੀਆ ਭਰ ‘ਚ ਸਨਸਨੀ ਫੈਲਾ ਦਿੱਤੀ ਹੈ, ਪਰ ਅਜੇ ਤੱਕ ਨਾ ਤਾਂ ਅਮਰੀਕੀ ਪ੍ਰਸ਼ਾਸਨ ਅਤੇ ਨਾ ਹੀ ਵੈਨੇਜ਼ੁਏਲਾ ਸਰਕਾਰ ਵੱਲੋਂ ਮਾਦੁਰੋ ਦੀ ਗ੍ਰਿਫ਼ਤਾਰੀ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਹੈ। ਕੂਟਨੀਤਿਕ ਮਾਹਿਰਾਂ ਮੁਤਾਬਕ ਰਸਮੀ ਪੁਸ਼ਟੀ ਬਿਨਾਂ ਇਸ ਮਾਮਲੇ ਨੂੰ ਦਾਅਵੇ ਦੇ ਤੌਰ ‘ਤੇ ਹੀ ਦੇਖਿਆ ਜਾ ਰਿਹਾ ਹੈ।
ਦੁਨੀਆ ਦੀਆਂ ਨਜ਼ਰਾਂ ਅਗਲੇ ਕਦਮ ‘ਤੇ
ਇਸ ਪੂਰੇ ਮਾਮਲੇ ਨੇ ਅਮਰੀਕਾ-ਲਾਤੀਨੀ ਅਮਰੀਕਾ ਸੰਬੰਧਾਂ ‘ਚ ਨਵਾਂ ਤਣਾਅ ਪੈਦਾ ਕਰ ਦਿੱਤਾ ਹੈ। ਹੁਣ ਸਭ ਦੀ ਨਜ਼ਰ ਇਸ ਗੱਲ ‘ਤੇ ਟਿਕੀ ਹੋਈ ਹੈ ਕਿ ਕੀ ਅਮਰੀਕੀ ਸਰਕਾਰ ਟਰੰਪ ਦੇ ਦਾਅਵੇ ਨੂੰ ਅਧਿਕਾਰਤ ਤੌਰ ‘ਤੇ ਸਹੀ ਠਹਿਰਾਉਂਦੀ ਹੈ ਜਾਂ ਵੈਨੇਜ਼ੁਏਲਾ ਇਸ ‘ਤੇ ਕਿਵੇਂ ਪ੍ਰਤੀਕਿਰਿਆ ਦਿੰਦਾ ਹੈ

