ਸਪੇਨ :- ਦੱਖਣੀ ਸਪੇਨ ਵਿੱਚ ਇੱਕ ਭਿਆਨਕ ਰੇਲ ਹਾਦਸੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਕੋਰਡੋਬਾ ਸੂਬੇ ਦੇ ਆਦਾਮੁਜ਼ ਸ਼ਹਿਰ ਨੇੜੇ ਤੇਜ਼ ਰਫ਼ਤਾਰ ਯਾਤਰੀ ਟ੍ਰੇਨ ਪਟੜੀ ਤੋਂ ਉਤਰ ਕੇ ਸਾਹਮਣੇ ਆ ਰਹੀ ਸਰਵਿਸ ਟ੍ਰੇਨ ਨਾਲ ਟਕਰਾ ਗਈ। ਇਸ ਦਰਦਨਾਕ ਹਾਦਸੇ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਜਦਕਿ ਕਰੀਬ 100 ਯਾਤਰੀ ਜ਼ਖ਼ਮੀ ਹੋ ਗਏ ਹਨ।
ਮਾਲਾਗਾ ਤੋਂ ਮੈਡਰਿਡ ਜਾ ਰਹੀ ਟ੍ਰੇਨ ਹਾਦਸੇ ਦਾ ਸ਼ਿਕਾਰ
ਪੁਲਿਸ ਅਤੇ ਸਰਕਾਰੀ ਪ੍ਰਸਾਰਕ ਆਰਟੀਵੀਈ ਮੁਤਾਬਕ ਹਾਦਸਾ ਸ਼ਾਮ ਕਰੀਬ 6 ਵੱਜ ਕੇ 40 ਮਿੰਟ ‘ਤੇ ਵਾਪਰਿਆ। ਆਇਰਿਓ ਕੰਪਨੀ ਦੀ ਹਾਈ-ਸਪੀਡ ਟ੍ਰੇਨ ਮਾਲਾਗਾ ਤੋਂ ਮੈਡਰਿਡ ਵੱਲ ਰਵਾਨਾ ਹੋਈ ਸੀ ਜੋ ਕੋਰਡੋਬਾ ਸਟੇਸ਼ਨ ਛੱਡਣ ਤੋਂ ਕੁਝ ਹੀ ਮਿੰਟਾਂ ਬਾਅਦ ਆਦਾਮੁਜ਼ ਨੇੜੇ ਅਚਾਨਕ ਪਟੜੀ ਤੋਂ ਉਤਰ ਗਈ।
ਦੂਜੇ ਟਰੈਕ ‘ਤੇ ਚੜ੍ਹੀ ਟ੍ਰੇਨ, ਸਾਹਮਣੇ ਆ ਰਹੀ ਰੇਨਫੇ ਟ੍ਰੇਨ ਨਾਲ ਟੱਕਰ
ਸਪੇਨ ਦੀ ਰੇਲ ਏਜੰਸੀ ਅਦੀਫ਼ ਅਨੁਸਾਰ ਪਟੜੀ ਤੋਂ ਉਤਰਨ ਮਗਰੋਂ ਟ੍ਰੇਨ ਪਾਸੇ ਵਾਲੇ ਟਰੈਕ ‘ਤੇ ਚੜ੍ਹ ਗਈ, ਜਿੱਥੇ ਉਸ ਦੀ ਸਿੱਧੀ ਟੱਕਰ ਮੈਡਰਿਡ ਤੋਂ ਹੁਏਲਵਾ ਜਾ ਰਹੀ ਰੇਨਫੇ ਟ੍ਰੇਨ ਨਾਲ ਹੋ ਗਈ। ਟੱਕਰ ਕਾਰਨ ਦੋਵੇਂ ਟ੍ਰੇਨਾਂ ਦੇ ਕਈ ਡੱਬੇ ਪੂਰੀ ਤਰ੍ਹਾਂ ਤਬਾਹ ਹੋ ਗਏ।
400 ਤੋਂ ਵੱਧ ਯਾਤਰੀ ਸਨ ਸਵਾਰ
ਅਧਿਕਾਰੀਆਂ ਮੁਤਾਬਕ ਆਇਰਿਓ ਟ੍ਰੇਨ ਵਿੱਚ 300 ਤੋਂ ਵੱਧ ਯਾਤਰੀ ਮੌਜੂਦ ਸਨ ਜਦਕਿ ਰੇਨਫੇ ਟ੍ਰੇਨ ਵਿੱਚ ਲਗਭਗ 100 ਯਾਤਰੀ ਸਫ਼ਰ ਕਰ ਰਹੇ ਸਨ। ਹਾਦਸੇ ਤੋਂ ਬਾਅਦ ਕਈ ਡੱਬੇ ਇੱਕ-ਦੂਜੇ ਉੱਤੇ ਚੜ੍ਹ ਗਏ ਜਿਸ ਕਾਰਨ ਬਹੁਤ ਸਾਰੇ ਯਾਤਰੀ ਘੰਟਿਆਂ ਤੱਕ ਅੰਦਰ ਫਸੇ ਰਹੇ।
ਰਾਤ ਭਰ ਚੱਲਦਾ ਰਿਹਾ ਬਚਾਅ ਅਭਿਆਨ
ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ, ਪੁਲਿਸ, ਐਂਬੂਲੈਂਸ, ਰੈਡ ਕਰਾਸ ਅਤੇ ਹੋਰ ਐਮਰਜੈਂਸੀ ਟੀਮਾਂ ਦੁਰਗਮ ਇਲਾਕੇ ਵਿੱਚ ਮੌਕੇ ‘ਤੇ ਪਹੁੰਚ ਗਈਆਂ। ਬਚਾਅ ਕਾਰਵਾਈ ਦੇਰ ਰਾਤ ਤੱਕ ਜਾਰੀ ਰਹੀ ਅਤੇ ਕਈ ਯਾਤਰੀਆਂ ਨੂੰ ਕੱਟੇ ਹੋਏ ਡੱਬਿਆਂ ਵਿਚੋਂ ਭਾਰੀ ਮਸ਼ੀਨਰੀ ਦੀ ਮਦਦ ਨਾਲ ਬਾਹਰ ਕੱਢਿਆ ਗਿਆ।
ਕਈ ਜ਼ਖ਼ਮੀ ਨਾਜ਼ੁਕ ਹਾਲਤ ਵਿੱਚ
ਸਰਕਾਰੀ ਟੀਵੀ ਚੈਨਲ ਆਰਟੀਵੀਈ ਮੁਤਾਬਕ ਘੱਟੋ-ਘੱਟ 25 ਜ਼ਖ਼ਮੀ ਯਾਤਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੈਡਰਿਡ ਅਤੇ ਅੰਡਾਲੂਸੀਆ ਖੇਤਰ ਦੇ ਸਾਰੇ ਵੱਡੇ ਹਸਪਤਾਲਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।
ਫਾਇਰ ਚੀਫ਼ ਦਾ ਬਿਆਨ
ਕੋਰਡੋਬਾ ਫਾਇਰ ਸਰਵਿਸ ਦੇ ਮੁਖੀ ਪਾਕੋ ਕਾਰਮੋਨਾ ਨੇ ਦੱਸਿਆ ਕਿ ਆਇਰਿਓ ਟ੍ਰੇਨ ਦੇ ਜ਼ਿਆਦਾਤਰ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ ਪਰ ਰੇਨਫੇ ਟ੍ਰੇਨ ਦੇ ਡੱਬਿਆਂ ਦੀ ਹਾਲਤ ਕਾਫ਼ੀ ਖ਼ਰਾਬ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਅਜੇ ਵੀ ਅੰਦਰ ਫਸੇ ਹੋਏ ਹਨ ਅਤੇ ਬਚਾਅ ਦੌਰਾਨ ਮ੍ਰਿਤਕਾਂ ਨੂੰ ਹਟਾ ਕੇ ਜ਼ਿੰਦਾ ਲੋਕਾਂ ਤੱਕ ਪਹੁੰਚ ਬਣਾਈ ਜਾ ਰਹੀ ਹੈ।
ਆਦਾਮੁਜ਼ ਵਿੱਚ ਬਣਾਇਆ ਗਿਆ ਰਾਹਤ ਕੇਂਦਰ
ਪ੍ਰਸ਼ਾਸਨ ਵੱਲੋਂ ਆਦਾਮੁਜ਼ ਸ਼ਹਿਰ ਵਿੱਚ ਐਮਰਜੈਂਸੀ ਰਾਹਤ ਕੇਂਦਰ ਬਣਾਇਆ ਗਿਆ ਹੈ। ਠੰਢ ਵਧਣ ਕਾਰਨ ਸਥਾਨਕ ਲੋਕਾਂ ਨੇ ਯਾਤਰੀਆਂ ਲਈ ਕੰਬਲ, ਖਾਣਾ ਅਤੇ ਗਰਮ ਪੀਣ ਵਾਲੀਆਂ ਚੀਜ਼ਾਂ ਮੁਹੱਈਆ ਕਰਵਾਈਆਂ।
ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ
ਸਪੇਨ ਸਰਕਾਰ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਤਕਨੀਕੀ ਖ਼ਰਾਬੀ, ਰਫ਼ਤਾਰ ਅਤੇ ਸਿਗਨਲ ਪ੍ਰਣਾਲੀ ਸਮੇਤ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਕੁਝ ਰੇਲ ਰੂਟ ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ ਗਏ ਹਨ।

