ਪਾਕਿਸਤਾਨ :- ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਵਿੱਚ ਸ਼ੁੱਕਰਵਾਰ ਰਾਤ ਇੱਕ ਭਿਆਨਕ ਹਾਦਸੇ ਨੇ ਪੂਰੇ ਇਲਾਕੇ ਨੂੰ ਦਹਿਲਾ ਕੇ ਰੱਖ ਦਿੱਤਾ। ਇੱਕ ਵਿਆਹ ਸਮਾਰੋਹ ਦੌਰਾਨ ਅਚਾਨਕ ਹੋਏ ਆਤਮਘਾਤੀ ਬੰਬ ਧਮਾਕੇ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਨੱਚ-ਗਾਣੇ ਵਿਚਾਲੇ ਗੂੰਜਿਆ ਧਮਾਕਾ
ਪ੍ਰਾਪਤ ਜਾਣਕਾਰੀ ਅਨੁਸਾਰ ਧਮਾਕਾ ਉਸ ਵੇਲੇ ਹੋਇਆ ਜਦੋਂ ਵਿਆਹ ਸਮਾਗਮ ਵਿੱਚ ਸ਼ਾਮਲ ਮਹਿਮਾਨ ਖੁਸ਼ੀ ਦੇ ਮਾਹੌਲ ਵਿੱਚ ਨੱਚ ਰਹੇ ਸਨ। ਇਕ ਪਲ ਵਿੱਚ ਹੀ ਖੁਸ਼ੀਆਂ ਚੀਖਾਂ ਵਿੱਚ ਬਦਲ ਗਈਆਂ ਅਤੇ ਸਮਾਗਮ ਸਥਲ ‘ਤੇ ਅਫ਼ਰਾਤਅਫ਼ਰੀ ਮਚ ਗਈ। ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਨੇੜਲੇ ਘਰਾਂ ਦੇ ਸ਼ੀਸ਼ੇ ਵੀ ਟੁੱਟ ਗਏ।
ਸ਼ਾਂਤੀ ਕਮੇਟੀ ਦੇ ਮੁਖੀ ਦੇ ਘਰ ਹੋ ਰਿਹਾ ਸੀ ਸਮਾਗਮ
ਪੁਲਿਸ ਅਧਿਕਾਰੀਆਂ ਮੁਤਾਬਕ ਇਹ ਆਤਮਘਾਤੀ ਹਮਲਾ ਕੁਰੈਸ਼ੀ ਮੋੜ ਦੇ ਨੇੜੇ ਸਥਿਤ ਸ਼ਾਂਤੀ ਕਮੇਟੀ ਦੇ ਮੁਖੀ ਨੂਰ ਆਲਮ ਮਹਿਸੂਦ ਦੇ ਘਰ ਕਰਵਾਏ ਜਾ ਰਹੇ ਵਿਆਹ ਸਮਾਰੋਹ ਦੌਰਾਨ ਹੋਇਆ। ਹਮਲਾਵਰ ਨੇ ਭੀੜ ਵਿੱਚ ਖੁਦ ਨੂੰ ਉਡਾ ਲਿਆ, ਜਿਸ ਕਾਰਨ ਮੌਤਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਵਧ ਗਈ।
ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ
ਧਮਾਕੇ ਤੋਂ ਤੁਰੰਤ ਬਾਅਦ ਸੁਰੱਖਿਆ ਬਲ ਅਤੇ ਰੈਸਕਿਊ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਕਈ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਸੁਰੱਖਿਆ ਪ੍ਰਬੰਧਾਂ ‘ਤੇ ਮੁੜ ਖੜੇ ਹੋਏ ਸਵਾਲ
ਇਸ ਹਮਲੇ ਤੋਂ ਬਾਅਦ ਖੈਬਰ ਪਖਤੂਨਖਵਾ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਇਕ ਵਾਰ ਫਿਰ ਸਵਾਲ ਖੜੇ ਹੋ ਗਏ ਹਨ। ਵਿਆਹ ਵਰਗੇ ਨਿੱਜੀ ਸਮਾਗਮ ਵਿੱਚ ਹੋਏ ਆਤਮਘਾਤੀ ਹਮਲੇ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਮਲੇ ਦੇ ਪਿੱਛੇ ਕੰਮ ਕਰ ਰਹੇ ਗਰੁੱਪ ਦੀ ਪਛਾਣ ਲਈ ਖੁਫੀਆ ਏਜੰਸੀਆਂ ਸਰਗਰਮ ਹਨ।

